
ਜ਼ਿਲ੍ਹੇ ਵਿਚ ਆਤਮ ਨਿਰਭਰ ਸਕੀਮ ਤਹਿਤ 12434 ਲੋਕਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ (10 ਕਿਲੋ ਆਟਾ, 1 ਕਿਲੋ ਖੰਡ ਅਤੇ 1 ਕਿਲੋ ਦਾਲ)
ਨਵਾਂਸ਼ਹਿਰ/ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਮਿਸ਼ਨ ਫ਼ਤਿਹ ਕੋਵਿਡ-19 ਦੇ ਸੰਕਟ ਵਿਚ ਰਾਹਤ ਲੈ ਕੇ ਆਇਆ ਹੈ। ਮਿਸ਼ਨ ਦੇ ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਦੇ ਉਦੇਸ਼ ਤਹਿਤ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਆਤਮ ਨਿਰਭਰ ਸਕੀਮ ਤਹਿਤ ਬਲਾਚੌਰ ਸਬ ਡਵੀਜ਼ਨ ਵਿਚ ਸਮਾਰਟ ਰਾਸ਼ਨ ਕਾਰਡਾਂ ਤੋਂ ਵਾਂਝੇ ਮਜ਼ਦੂਰਾਂ ਨੂੰ ਐਸ ਡੀ ਐਮ ਜਸਬੀਰ ਸਿੰਘ ਵੱਲੋਂ ਅੱਜ ਪਿੰਡ ਥੋਪੀਆਂ ਸਥਿਤ ਭੱਠਾ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ਦੀ ਵੰਡ ਦੀ ਸ਼ੁਰੂਆਤ ਕਰਕੇ ਕੀਤੀ ਗਈ। ਇਸ ਥਾਂ ’ਤੇ ਅੱਜ 60 ਪਰਿਵਾਰਾਂ ਨੂੰ ਰਾਸ਼ਨ ਜਿਸ ਵਿੱਚ 10 ਕਿਲੋ ਆਟਾ, 1 ਕਿਲੋ ਖੰਡ ਅਤੇ 1 ਕਿਲੋ ਦਾਲ ਹੈ, ਦੇ ਪੈਕੇਟ ਦਿੱਤੇ ਗਏ। ਉੱਪ ਮੰਡਲ ਮੈਜਿਸਟ੍ਰੇਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਸਕੀਮ ਤਹਿਤ ਜ਼ਿਲ੍ਹੇ ’ਚ 12434 ਲਾਭਪਾਤਰੀਆਂ ਨੂੰ 124.340 ਮੀਟਿ੍ਰਕ ਟਨ ਕਣਕ ਦੀ ਵੰਡ ਕੀਤੀ ਜਾਵੇਗੀ ਜੋ ਕਿ ਤਿੰਨਾਂ ਸਬ ਡਵੀਜ਼ਨਾਂ ’ਚ ਹੋਵੇਗੀ।
ਇਸ ਤੋਂ ਇਲਾਵਾ ਇੱਕ-ਇੱਕ ਕਿਲੋ ਦਾਲ ਅਤੇ ਇੱਕ-ਇੱਕ ਕਿਲੋ ਖੰਡ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਦੇ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਖੁਦ ਇਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਵਿੱਚ ਕੋਈ ਵੀ ਗੈਰ-ਸਮਾਰਟ ਰਾਸ਼ਨ ਕਾਰਡ ਧਾਰਕ ਲੋੜਵੰਦ ਇਸ ਲਾਭ ਤੋਂ ਵਾਂਝਾ ਨਾ ਰਹੇ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਵੀ ਹਰੇਕ ਗਰੀਬ ਤੇ ਲੋੜਵੰਦ ਤੱਕ ਇਹ ਸਹੂਲਤ ਪੁੱਜ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜਿੰਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹਨ ਉਨ੍ਹਾਂ ਪਰਿਵਾਰਾਂ, ਪ੍ਰਵਾਸੀ ਮਜ਼ਦੂਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਇਸ ਸਕੀਮ ਤਹਿਤ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਾਚੌਰ ਸਬ ਡਵੀਜ਼ਨ ’ਚ ਹੁਣ ਤੱਕ 4928 ਅਜਿਹੇ ਲਾਭਪਾਤਰੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਇਸ ਸਕੀਮ ਤਹਿਤ ਅਗਲੇ ਦਿਨਾਂ ’ਚ ਰਾਸ਼ਨ ਦੀ ਵੰਡ ਨੂੰ ਜੰਗੀ ਪੱਧਰ ’ਤੇ ਕਰ ਦਿੱਤਾ ਜਾਵੇਗਾ ਅਤੇ ਹੋਰਨਾਂ ਵਿਭਾਗਾਂ ਦਾ ਸਹਿਯੋਗ ਵੀ ਨਾਲ ਲਿਆ ਜਾਵੇਗਾ ਤਾਂ ਜੋ ਲੋੜਵੰਦ ਲੋਕਾਂ ਤੱਕ ਅਨਾਜ, ਦਾਲ ਅਤੇ ਖੰਡ ਦੀ ਪਹੁੰਚ ਹੋ ਸਕੇ।