ਅਮਰੀਕੀ ਕਾਂਗਰਸ ਪੁਲਿਸ ਵਿਭਾਗ ਵਿਚ ਸੁਧਾਰਾਂ ਲਈ ਚੁੱਕੇਗੀ ਕਦਮ
ਗ੍ਰਿਫ਼ਤਾਰ ਲੋਕਾਂ ਵਿਰੁੱਧ ਨਹੀਂ ਚੱਲਣਗੇ ਮੁਕੱਦਮੇ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਕਾਲੇ ਵਿਅਕਤੀ ਜਾਰਜ ਫਲਾਇਡ ਦੀ ਮਿਨੀਸੋਟਾ ਰਾਜ ਦੇ ਮਿਨੀਏਪੋਲਿਸ ਸ਼ਹਿਰ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਦੇਸ਼ ਭਰ ਵਿਚ ਪੁਲਿਸ ਵਿਭਾਗ ਭੰਗ ਕਰ ਦੇਣ ਦੀ ਉੱਠ ਰਹੀ ਮੰਗ ਦੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪਸ਼ਟ ਕੀਤਾ ਹੈ ਕਿ ਅਜਿਹਾ ਕਿਸੇ ਵੀ ਹਾਲਤ ਵਿਚ ਨਹੀਂ ਕੀਤਾ ਜਾਵੇਗਾ। ਵਾਈਟ ਹਾਊਸ ਵਿਚ ਲਾਅ ਇਨਫੋਰਸਮੈਂਟ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਪੁਲਿਸ ਵਿਭਾਗ ਨੂੰ ਭੰਗ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਪੁਲਿਸ ਵਿਭਾਗ ਨੂੰ ਮਿਲਦੇ ਫੰਡ ਰੋਕੇ ਜਾਣਗੇ।
ਰਾਜ ਪੱਧਰ ਦੇ ਜਾਂ ਸਥਾਨਕ ਮੁੱਦਿਆਂ ਬਾਰੇ ਕੋਈ ਵੀ ਨਿਰਨਾ ਲੈਣ ਦਾ ਅਧਿਕਾਰ ਮੇਅਰ, ਗਵਰਨਰ, ਸਿਟੀ ਕੌਂਸਲ ਜਾਂ ਵਿਧਾਨ ਸਭਾ ਉਪਰ ਛੱਡ ਦਿੱਤਾ ਜਾਂਦਾ ਹੈ ਪਰ ਪੁਲਿਸ ਵਿਭਾਗ ਖਤਮ ਕਰ ਦੇਣ ਦੇ ਮੁੱਦੇ ‘ਤੇ ਰਾਸ਼ਟਰਪਤੀ ਨੇ ਸਿੱਧੀ ਦਖਲਅੰਦਾਜੀ ਕਰਨ ਦਾ ਫੈਸਲਾ ਲਿਆ ਹੈ। ਇਥੇ ਵਰਣਨਯੋਗ ਹੈ ਕਿ ਬੀਤੀ ਦਿਨ ਮਿਨੀਏਪੋਲਿਸ ਸਿਟੀ ਕੌਂਸਲ ਦੀ ਵੱਡੀ ਬਹੁਗਿਣਤੀ ਵੱਲੋਂ ਪੁਲਿਸ ਵਿਭਾਗ ਭੰਗ ਕਰਨ ਦਾ ਸਮਰਥਨ ਕੀਤਾ ਗਿਆ ਸੀ। ਸਾਬਕਾ ਰਾਸ਼ਟਰਪਤੀ ਤੇ ਨਵੰਬਰ ਵਿਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ‘ਚ ਡੈਮੋਕਰੈਟਿਕ ਉਮੀਦਵਾਰ ਜੋਅ ਬਿਡੇਨ ਨੇ ਵੀ ਪੁਲਿਸ ਵਿਭਾਗ ਦੇ ਫੰਡਾਂ ਵਿਚ ਕਟੌਤੀ ਕਰਨ ਜਾਂ ਭੰਗ ਕਰਨ ਦਾ ਵਿਰੋਧ ਕੀਤਾ ਹੈ।
ਗ੍ਰਿਫ਼ਤਾਰ ਲੋਕਾਂ ਵਿਰੁੱਧ ਨਹੀਂ ਚਲਣਗੇ ਮੁਕੱਦਮੇ-
ਜਾਰਜ ਫਲਾਈਡ ਦੇ ਮਾਮਲੇ ਵਿਚ ਨਿਆਂ ਦੀ ਮੰਗ ਨੂੰ ਲੈ ਕੇ ਲਾਸ ਏਂਜਲਸ ਵਿਚ ਕਰਫ਼ਿਊ ਜਾਂ ਪੁਲਿਸ ਦੇ ਹੋਰ ਆਦੇਸ਼ਾਂ ਦੀ ਉਲੰਘਣਾ ਕਰਕੇ ਹੋਏ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਹਜਾਰਾਂ ਲੋਕਾਂ ਵਿਰੁੱਧ ਕਿਸੇ ਵੀ ਤਰਾਂ ਦੇ ਦੋਸ਼ ਆਇਦ ਨਹੀਂ ਕੀਤੇ ਜਾਣਗੇ। ਸਿਟੀ ਅਟਾਰਨੀ ਮਾਈਕ ਫੀਉਰ ਨੇ ਕਿਹਾ ਹੈ ਕਿ ਅਦਾਲਤ ਦੇ ਬਾਹਰ ਇਨਾਂ ਮਾਮਲਿਆਂ ਨੂੰ ਹੱਲ ਕੀਤਾ ਜਾਵੇਗਾ ਤੇ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ। ਜਿਲਾ ਅਟਾਰਨੀ ਜੈਕੀ ਲੇਸੀ ਨੇ ਵੀ ਕਿਹਾ ਹੈ ਕਿ ਉਹ ਲਾਸ ਏਂਜਲਸ ਕਾਊਂਟੀ ਵਿਚ ਪ੍ਰਦਰਸ਼ਨਕਾਰੀਆਂ ਦੇ ਵਿਵਹਾਰ ਨੂੰ ਲੈ ਕੇ ਕਿਸੇ ਵੀ ਤਰਾਂ ਦੇ ਦੋਸ਼ ਆਇਦ ਨਹੀਂ ਕਰਨਗੇ। ਲਾਸ ਏਂਜਲਸ ਵਿਚ ਪੁਲਿਸ ਨੇ 3000 ਤੋਂ ਵਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਪੁਲਿਸ ਵਿਚ ਹੋਣਗੇ ਸੁਧਾਰ-
ਅਮਰੀਕੀ ਕਾਂਗਰਸ ਵੱਲੋਂ ਪੁਲਿਸ ਵਿਭਾਗ ਵਿਚ ਸੁਧਾਰ ਕੀਤੇ ਜਾ ਰਹੇ ਹਨ ਤੇ ਇਸ ਸਬੰਧੀ ਚੁੱਕੇ ਜਾਣ ਵਾਲੇ ਕਦਮਾ ਦਾ ਖੁਲਾਸਾ ਆਉਂਦੇ ਦਿਨਾਂ ਦੌਰਾਨ ਹੋਣ ਦੀ ਸੰਭਾਵਨਾ ਹੈ। ਇਨਾਂ ਸੁਧਾਰਾਂ ਵਿਚ ਪੁਲਿਸ ਨੂੰ ਹੱਦਾਂ ਵਿਚ ਰਹਿਕੇ ਕਾਰਵਾਈ ਕਰਨ ਲਈ ਪਾਬੰਦ ਕੀਤਾ ਜਾਵੇਗਾ। ਪੁਲਿਸ ਨੂੰ ਕਿਸੇ ਵੀ ਵਿਅਕਤੀ ਦਾ ਸਾਹ ਬੰਦ ਕਰਨ ਜਾਂ ਉਸ ਦੀ ਧੌਣ ਉਪਰ ਗੋਡਾ ਰਖਣ ਦਾ ਅਧਿਕਾਰ ਨਹੀਂ ਹੋਵੇਗਾ। ਹਾਲਾਂ ਕਿ ਸੁਧਾਰਾਂ ਬਾਰੇ ਲੰਬੀ ਬਹਿਸ ਹੋਣ ਦੀ ਸੰਭਾਵਨਾ ਹੈ ਪਰ ਸਮਾਜਿਕ ਕਾਰਕੁੰਨ ਇਸ ਨੂੰ ਚੰਗੀ ਸ਼ੁਰੂਆਤ ਕਹਿ ਰਹੇ ਹਨ। ਨਿਊਯਾਰਕ ਦੇ ਮੇਅਰ ਬਿੱਲ ਡੀ ਬਲਾਸੀਓ ਨੇ ਪੁਲਿਸ ਵਿਚ ਵੱਡੀ ਪੱਧਰ ਉਪਰ ਸੁਧਾਰ ਕਰਨ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਹੈ ਕਿ ਉਹ ਸਿਟੀ ਕੌਂਸਲ ਨਾਲ ਇਸ ਸਬੰਧੀ ਅਗਲੇ 3 ਹਫ਼ਤਿਆਂ ਦੌਰਾਨ ਵਿਚਾਰ ਵਟਾਂਦਰਾ ਕਰਨਗੇ।