ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਲਾਹੇਵੰਦ-ਡਾ. ਸ਼ੇਨਾ ਅਗਰਵਾਲ

ਝੋਨੇ ਦੀ ਸਿੱਧੀ ਬਿਜਾਈ ਦਾ ਨਿਰੀਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਡਾ. ਸੁਰਿੰਦਰ ਸਿੰਘ, ਡਾ. ਸੁਸ਼ੀਲ ਕੁਮਾਰ ਤੇ ਹੋਰ।

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਖੇਤੀ ਵਿਚ ਲੇਬਰ ਅਤੇ ਪਾਣੀ ਦੀ ਬੱਚਤ ਤਹਿਤ ਚਲਾਈ ਮੁਹਿੰਮ ਅਧੀਨ ਪਿੰਡ ਗੁਜਰਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਂਟ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਲਾਹੇਵੰਦ ਹੈ। ਉੁਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਦੇ ਸੁਧਾਰ ਅਤੇ ਕੁਦਰਤੀ ਸੋਮਿਆਂ ਦੀ ਬੱਚਤ ਕਰਨ ਲਈ ਉਹ ਇਸ ਤਕਨੀਕ ਨੂੰ ਵੱਧ ਤੋਂ ਵੱਧ ਅਪਨਾਉਣ। ਉਨਾਂ ਖੇਤੀਬਾੜੀ ਵਿਭਾਗ ਦੇ ਕਿਸਾਨ ਸਿੱਖਿਆ ਪਸਾਰ ਕੰਮਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਖੇਤ ਵਿਚ ਕੱਦੂ ਕਰਨ, ਪਨੀਰੀ ਦੀ ਲੁਆਈ ਲਈ ਲੇਬਰ ਅਤੇ ਪਨੀਰੀ ਦੀ ਸਿੱਧੇ ਤੌਰ ’ਤੇ ਪ੍ਰਤੀ ਏਕੜ 8 ਹਜ਼ਾਰ ਰੁਪਏ ਕਿਸਾਨਾਂ ਦੀ ਬੱਚਤ ਹੋਈ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਹੀ 30 ਫੀਸਦੀ ਪਾਣੀ ਦੀ ਬੱਚਤ ਵੀ ਹੁੰਦੀ ਹੈ। ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਬਹੁਤ ਘੱਟ ਹੁੰਦਾ ਹੈ ਅਤੇ ਅਗਲੀ ਫ਼ਸਲ ਕਣਕ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਉਨਾਂ ਦੱਸਿਆ ਕਿ ਇਸ ਸਾਲ ਜ਼ਿਲੇ ਵਿਚ ਕਰੀਬ 4200 ਏਕੜ ਰਕਬੇ ਵਿਚ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਇਸ ਕੰਮ ਲਈ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ ’ਤੇ ਕਿਸਾਨਾਂ ਨੂੰ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਜ਼ਿਲਾ ਸਿਖਲਾਈ ਅਫ਼ਸਰ ਡਾ. ਸੁਸ਼ੀਲ ਕੁਮਾਰ, ਖੇਤੀਬਾੜੀ ਅਫ਼ਸਰ ਡਾ. ਨਰੇਸ਼ ਕਟਾਰੀਆ, ਏ. ਡੀ. ਓ ਡਾ. ਜਸਵਿੰਦਰ ਕੁਮਾਰ, ਏ. ਐਸ. ਆਈ ਸਰਬਜੀਤ ਸਿੰਘ, ਹਰਮੀਤ ਸਿੰਘ, ਗੁਰਮੀਤ ਸਿੰਘ ਤੇ ਹੋਰ ਹਾਜ਼ਰ ਸਨ।

Share This :

Leave a Reply