
25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ ਨੇਤਰਦਾਨ ਪੰਦਰਵਾੜਾ
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਹੋਰਨਾਂ ਲਈ ਮਿਸਾਲ ਬਣਦਿਆਂ ਅੱਜ ਖ਼ੁਦ ਨੇਤਰਦਾਨ ਦਾ ਪ੍ਰਣ ਪੱਤਰ ਭਰ ਕੇ 25 ਅਗਸਤ ਤੋਂ 8 ਸਤੰਬਰ ਤੱਕ ਮਨਾਏ ਜਾ ਰਹੇ ਨੇਤਰਦਾਨ ਪੰਦਰਵਾੜੇ ਦਾ ਆਗਾਜ਼ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਨੇਤਰਦਾਨ ਇਕ ਮਹਾਨ ਦਾਨ ਹੈ, ਜਿਸ ਨਾਲ ਅਸੀਂ ਕਿਸੇ ਵਿਅਕਤੀ ਦੀਆਂ ਦੀਆਂ ਅੱਖਾਂ ਵਾਪਸ ਲਿਆ ਕੇ ਉਸ ਦੀ ਹਨੇਰੀ ਜ਼ਿੰਦਗੀ ਵਿਚ ਰੋਸ਼ਨੀ ਭਰ ਸਕਦੇ ਹਾਂ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨੇਤਰਦਾਨ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਗਿਣਤੀ ਵਿਚ ਇਸ ਮੁਹਿੰਮ ਨਾਲ ਜੁੜਨ। ਉਨਾਂ ਕਿਹਾ ਕਿ ਨੇਤਰਦਾਨ ਸਬੰਧੀ ਸ਼ੰਕਾਵਾਂ ਅਤੇ ਭਰਮਾਂ ਤੋਂ ਉੱਪਰ ਉੱਠ ਕੇ ਸਾਨੂੰ ਇਸ ਨੇਕ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ, ਜਿਹੜੇ ਕਿ ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਚੀਫ ਪੈਟਰਨ ਵੀ ਹਨ, ਨੇ ਕਿਹਾ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਾਰੇ ਕੋਰੋਨੀਅਰ ਬਲਾਈਂਡ ਵਿਅਕਤੀਆਂ ਨੂੰ ਅੱਖਾਂ ਮਿਲ ਚੁੱਕੀਆਂ ਹਨ, ਉਨਾਂ ਕਿਹਾ ਕਿ ਫਿਰ ਵੀ ਇਸ ਸਬੰਧੀ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲੇ ਵਿਚ ਸਰਵੇਖਣ ਕਰਵਾਇਆ ਜਾਵੇਗਾ, ਤਾਂ ਜੋ ਕੋਈ ਕੋਰੋਨੀਅਰ ਨੇਤਰਹੀਣ ਵਿਅਕਤੀ ਅੱਖਾਂ ਤੋਂ ਵਾਂਝਾ ਨਾ ਰਹੇ। ਉਨਾਂ ਨੇਤਰਦਾਨ ਸੰਸਥਾ ਨਵਾਂਸ਼ਹਿਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਅੰਗ ਦਾਨ ਮੁਹਿੰਮ ਸ਼ੁਰੂ ਕਰਨ ਲਈ ਵੀ ਕਿਹਾ। ਇਸ ਮੌਕੇ ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਪ੍ਰਧਾਨ ਡਾ. ਜੇ. ਡੀ. ਵਰਮਾ ਅਤੇ ਜਨਰਲ ਸਕੱਤਰ ਸ੍ਰੀ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਉਨਾਂ ਦੀ 18 ਮੈਂਬਰੀ ਟੀਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਨਾਲ ਲੱਗਦੇ ਜ਼ਿਲਿਆਂ ਹੁਸ਼ਿਆਰਪੁਰ ਅਤੇ ਰੋਪੜ ਵਿਚ ਵੀ ਮਰਨ ਉਪਰੰਤ ਨੇਤਰਦਾਨ ਦੀ ਜਾਗਰੂਕਤਾ ਮੁਹਿੰਮ ਨੂੰ ਚਲਾ ਰਹੀ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਅਤੇ ਸੰਸਥਾ ਦੇ ਮੈਂਬਰਾਂ ਦੀ ਅਣਥੱਕ ਮਿਹਨਤ ਸਦਕਾ ਸੰਸਥਾ ਹੁਣ ਤੱਕ 535 ਦਾਨੀਆਂ ਦੇ ਮਰਨ ਉਪਰੰਤ ਨੇਤਰਦਾਨ ਲੈ ਚੁੱਕੀ ਹੈ। ਉਨਾਂ ਕਿਹਾ ਕਿ ਸੰਸਥਾ ਦੇ ਸਹਿਯੋਗ ਨਾਲ ਹੁਣ ਤੱਕ ਕਰੀਬ ਇਕ ਹਜ਼ਾਰ ਤੋਂ ਵੱਧ ਨੇਤਰਹੀਣਾਂ ਦੀ ਜ਼ਿੰਦਗੀ ਵਿਚ ਰੋਸ਼ਨੀ ਆ ਚੁੱਕੀ ਹੈ। ਉਨਾਂ ਦੱਸਿਆ ਕਿ ਹੁਣ ਤੱਕ 6 ਹਜ਼ਾਰ ਤੋਂ ਵੱਧ ਲੋਕ ਮਰਨ ਉਪਰੰਤ ਨੇਤਰਦਾਨ ਦੇ ਪ੍ਰਣ ਪੱਤਰ ਭਰ ਚੁੱਕੇ ਹਨ । ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ. ਜੇ. ਡੀ. ਵਰਮਾ, ਜਨਰਲ ਸਕੱਤਰ ਸ੍ਰੀ ਰਤਨ ਕੁਮਾਰ ਜੈਨ, ਕੈਸ਼ੀਅਰ ਸ੍ਰੀ ਹੁਸਨ ਲਾਲ, ਡਾਇਰੈਕਟਰ ਸ੍ਰੀ ਯਸ਼ ਪਾਲ ਸਿੰਘ ਹਾਫ਼ਿਜ਼ਾਬਾਦੀ ਤੇ ਸ੍ਰੀ ਕਮਲ ਕੁਮਾਰ ਅਨੇਜਾ ਹਾਜ਼ਰ ਸਨ।





















