ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਵਿਡ-19 ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਤੁਰੰਤ ਬਿਨਾਂ ਕਿਸੇ ਦੇਰੀ ਦੇ ਨੇੜਲੇ ਕੋਵਿਡ ਟੈਸਟਿੰਗ ਸੈਂਟਰ ’ਤੇ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ, ਕਿਉਂਕਿ ਜੇਕਰ ਮੁਢਲੇ ਪੜਾਅ ਵਿਚ ਹੀ ਪਤਾ ਲੱਗ ਜਾਵੇ ਤਾਂ ਇਸ ਤੋਂ ਬਿਮਾਰੀ ਤੋਂ ਜਲਦ ਨਿਜ਼ਾਤ ਪਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ ਟੈਸਟ ਜ਼ਿਲੇ ਦੇ ਸਾਰੇ ਸਰਕਾਰੀ ਟੈਸਟਿੰਗ ਸੈਂਟਰਾਂ ’ਤੇ ਮੁਫ਼ਤ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਬੀਤੇ ਦਿਨ ਤੱਕ ਕੋਵਿਡ-19 ਦੇ ਮੱਦੇਨਜ਼ਰ ਜ਼ਿਲੇ ਅੰਦਰ 23675 ਨਮੂਨੇ ਲਏ ਗਏ, ਜਿਸਦੇ ਵਿੱਚੋਂ ਕੁੱਲ 627 ਪਾਜ਼ੀਟਿਵ ਕੇਸਾਂ ਵਿਚੋਂ 483 ਲੋਕ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਵਾਪਸੀ ਕਰ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਵੇਲੇ ਜ਼ਿਲੇ ਵਿਚ 132 ਐਕਟਿਵ ਕੇਸ ਹਨ, ਜਿਨਾਂ ਵਿਚੋਂ 126 ਜ਼ਿਲੇ ਅਤੇ 6 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਦੇ ਇਸ ਸੰਕਟ ’ਚ ਹਰੇਕ ਜ਼ਿਲਾ ਵਾਸੀ ਨੰ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੈਂਪਲਿੰਗ ਵੇਲੇ ਪੂਰਾ ਸਹਿਯੋਗ ਕਰਨ ਦੀ ਲੋੜ ਹੈ। ਪਰੰਤੂ ਇਸ ਵਿਚ ਲੋਕਾਂ ਦੇ ਸਹਿਯੋਗ ਨਾਲ ਹੀ ਕਾਮਯਾਬੀ ਮਿਲ ਸਕਦੀ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਸੈਂਪਲਿੰਗ ਕਰਨ ਵਾਲੀਆਂ ਟੀਮਾਂ ਨਾਲ ਬਦਸਲੂਕੀ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਕਿ ਬਹੁਤ ਗਲਤ ਗੱਲ ਹੈ। ਉਨਾਂ ਕਿਹਾ ਕਿ ਦਿਨ-ਰਾਤ ਸੇਵਾ ਵਿਚ ਜੁੱਟੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਾਨੂੰ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ, ਨਾ ਕਿ ਉਨਾਂ ਦੇ ਕੰਮ ਵਿਚ ਰੁਕਾਵਟ ਪਾ ਕੇ ਜਾਂ ਬਦਸਲੂਕੀ ਕਰ ਕੇ ਉਨਾਂ ਦਾ ਮਨੋਬਲ ਡੇਗਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਭ ਉਨਾਂ ਦੇ ਭਲੇ ਲਈ ਕੀਤਾ ਜਾ ਰਿਹਾ ਹੈ। ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਜ਼ਿਲੇ ਵਿਚ ਕੋਵਿਡ ਤੋਂ ਬਚਾਅ ਲਈ ਹਰੇਕ ਤਰਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਡਰਨ ਜਾਂ ਦਹਿਸ਼ਤ ਵਿਚ ਆਉਣ ਦੀ ਲੋੜ ਨਹੀਂ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਟੈਸਟਿੰਗ ਸਮਰੱਥਾ ਵਧਾਈ ਗਈ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੁਣ ਘੱਟ ਸੀਰੀਅਸ ਪਾਜ਼ੀਟਿਵ ਕੇਸ ਆਉਣ ’ਤੇ ਘਰਾਂ ’ਚ ਲੋੜੀਂਦੀ ਸੁਵਿਧਾ ਹੋਣ ਦੇ ਆਧਾਰ ’ਤੇ ਇਕਾਂਤਵਾਸ ਲਈ ਆਗਿਆ ਦਿੱਤੀ ਜਾਵੇਗੀ ਅਤੇ ਮਰੀਜ਼ ਨੂੰ ਹਸਪਤਾਲ ਦਾਖ਼ਲ ਹੋਣ ਦੀ ਲੋੜ ਨਹੀਂ ਪਵੇਗੀ। ਉਨਾਂ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਉਨਾਂ ਇਹ ਵੀ ਕਿਹਾ ਕਿ ਜਿਹੜੇ ਐਨ. ਆਰ. ਆਈ ਵਾਪਸ ਆਉਣਾ ਚਾਹੁੰਦੇ ਹਨ, ਉਨਾਂ ਨੂੰ ਵਾਪਸ ਆਉਣ ਤੋਂ ਪਹਿਲਾਂ ਉਥੇ 96 ਘੰਟੇ ਪਹਿਲਾਂ ਟੈਸਟ ਕਰਵਾਉਣਾ ਪਵੇਗਾ। ਇਥੇ ਪਹੁੰਚ ਕੇ ਉਨਾਂ ਨੂੰ ਆਪਣੀ ਰਿਪੋਰਟ ਦਿਖਾਉਣੀ ਪਵੇਗੀ, ਜਿਸ ਦੇ ਆਧਾਰ ’ਤੇ ਉਨਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਦੀ ਆਗਿਆ ਦਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਬਿਨਾਂ ਤੱਥਾਂ ’ਤੇ ਆਧਾਰਿਤ ਸ਼ੋਸਲ ਮੀਡੀਆ ’ਤੇ ਗਲਤ ਜਾਣਕਾਰੀ ਸਾਂਝੀ ਕਰਨੀ ਕਾਨੂੰਨੀ ਅਪਰਾਧ ਹੈ ਜਿਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕੋਰੋਨਾ ਮਹਾਂਮਾਰੀ ਨੂੰ ਅਸੀ ਸਾਰਿਆਂ ਨੇ ਟੀਮ ਦੇ ਤੌਰ ’ਤੇ ਕੰਮ ਕਰ ਕੇ ਇਸਦੇ ਫੈਲਾਅ ਨੂੰ ਰੋਕਣਾ ਹੈ। ਇਸ ਲਈ ਕਰੋਨਾ ਨੂੰ ਹਰਾਉਣ ਲਈ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।