ਸਾਰੇ ਅਮਰੀਕੀ ਅਜ਼ਾਦ ਨਹੀਂ ਹਨ-ਮਨੁੱਖੀ ਅਧਿਕਾਰ ਆਗੂ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਸੁਤੰਤਰਤਾ ਦੇ ਜਸ਼ਨ ਮਨਾਉਣ ਲਈ ਇਸ ਵਾਰ ਸਾਰੇ ਅਮਰੀਕੀਆਂ ਵਿਚ ਪਹਿਲਾਂ ਵਾਲਾ ਜੋਸ਼ ਵਿਖਾਈ ਨਹੀਂ ਦਿੱਤਾ। ਵਾਸ਼ਿਗਟਨ, ਡੀ ਸੀ ਤੇ ਲਾਸ ਏਂਜਲਸ ਸਮੇਤ ਦਰਜ਼ਨ ਤੋਂ ਵਧ ਅਮਰੀਕੀ ਸ਼ਹਿਰਾਂ ਵਿਚ ਨਸਲ ਭੇਦ ਦੀ ਨੀਤੀ ਦੇ ਵਿਰੁੱਧ ਲੋਕਾਂ ਨੇ ਪ੍ਰਦਰਸ਼ਨ ਕੀਤੇ ਤੇ ਰੈਲੀਆਂ ਕੱਢੀਆਂ। ਹਜਾਰਾਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤਿਆਚਾਰ ਤੇ ਕੋਰੋਨਾ ਮਹਾਮਾਰੀ ਦੌਰਾਨ ਦੱਬੇ ਕੁੱਚਲੇ ਲੋਕਾਂ ਦੀ ਅਣਦੇਖੀ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ।
ਬਹੁਤ ਸਾਰੇ ਲੋਕਾਂ ਨੇ ਆਜ਼ਾਦੀ ਦੇ ਜਸ਼ਨਾਂ ਨੂੰ ਛੱਲ ਕਪਟ ਕਰਾਰ ਦਿੱਤਾ। ਇਸ ਮੌਕੇ ਰਾਸ਼ਟਰਪਤੀ ਵੱਲੋਂ ਦੇਸ਼ ਦੀ ਰਾਜਧਾਨੀ ਵਿਚ ਸੰਗੀਤ ਤੇ ਆਤਿਸ਼ਬਾਜੀ ਦਾ ਪ੍ਰੋਗਰਾਮ ਕਰਵਾਇਆ ਗਿਆ ਜਦ ਕਿ ਸ਼ਹਿਰ ਵਿਚ ਹਜਾਰਾਂ ਲੋਕਾਂ ਨੇ 90 ਡਿਗਰੀ ਤਾਪਮਾਨ ਦੌਰਾਨ ਪ੍ਰਦਰਸ਼ਨ ਕੀਤੇ। ਸਾਬਕਾ ਫੌਜੀ ਵੀ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋਏ। ਕੁਝ ਸੰਸਥਾਵਾਂ ਨੇ ‘ਕਾਲਿਆਂ ਦੇ ਜੀਵਨ ਦਾ ਵੀ ਮਹੱਤਵ ਹੈ, ਵਰਗੇ ਬੈਨਰ ਲਾ ਕੇ ਦੱਖਣੀ ਅਫ਼ਰੀਕੀ ਮੂਲ ਦੇ ਅਮਰੀਕੀਆਂ ਨਾਲ ਇਕਜੁੱਟਤਾ ਪ੍ਰਗਟਾਈ। ਫਰੀਡਮ ਫਾਈਟਰ ਡੀ ਸੀ ਦੇ ਸਹਿ ਸੰਸਥਾਪਕ ਕੈਰੀਗਨ ਵਿਲੀਅਮਜ ਨੇ ਕਿਹਾ ਕਿ ਅਜ਼ਾਦੀ ਦਿਵਸ ਛੁੱਟੀ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ ਕਾਲੇ ਆਜ਼ਾਦ ਨਹੀਂ ਹਨ। ਹਾਵਰਡ ਯੁਨੀਵਰਸਿਟੀ ਵਿਖੇ ਅਫ਼ਰੀਕਨ ਪੜਾਈ ਦੇ ਪ੍ਰੋਫੈਸਰ ਐਮ ਯੇਬੋਹਾ ਸੁਪਰੀਮ ਕੋਰਟ ਦੇ ਬਾਹਰ ਕਾਨੂੰਨ ਦੇ ਵਿਦਿਆਰਥੀਆਂ ਵੱਲੋਂ 8 ਘੰਟੇ ਦਿੱਤੇ ਗਏ ਧਰਨੇ ਵਿਚ ਸ਼ਾਮਿਲ ਹੋਏ। ਉਨਾਂ ਕਿਹਾ ਕਿ ਉਹ ਅਫ਼ਰੀਕੀ ਔਰਤਾਂ ਦਾ ਸਨਮਾਨ ਕਰਦੇ ਹਨ ਜੋ ਪੁਲਿਸ ਦੇ ਅਤਿਆਚਾਰ ਦਾ ਸ਼ਿਕਾਰ ਹੋਈਆਂ ਹਨ।