ਖਰਚਾ ਬਿੱਲ ‘ਤੇ ਡੈਮੋਕਰੈਟਸ ਅੜੇ ਰਹੇ ਤਾਂ ਮੈ ਇਕਤਰਫ਼ਾ ਕਾਰਵਾਈ ਕਰਾਂਗਾ-ਡੋਨਾਲਡ ਟਰੰਪ

2020 ਦੇ ਅੰਤ ਤੱਕ ਸਾਰੇ ਪੇਰੋਲ ਟੈਕਸ ਮੁਲਤਵੀ ਕਰਨ ਦਾ ਐਲਾਨ

ਨਿਊਜਰਸੀ (ਹੁਸਨ ਲੜੋਆ ਬੰਗਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਨਵੇਂ ਖਰਚਾ ਬਿੱਲ ਬਾਰੇ ਡੈਮੋਕਰੈਟਸ ਨਾਲ ਸਹਿਮਤ ਨਾ ਬਣੀ ਤਾਂ ਉਹ ਇਕਤਰਫ਼ਾ ਕਾਰਵਾਈ ਕਰਕੇ ਸਮੁੱਚੇ ਅਮਰੀਕੀਆਂ ਲਈ 2020 ਦੇ ਅੰਤ ਤੱਕ ਸਾਰੇ ਪੇਰੋਲ ਟੈਕਸ ਮੁਲਤਵੀ ਕਰ ਦੇਣਗੇ । ਇਸ ਦੇ ਨਾਲ ਹੀ ਬੇਰੁਜ਼ਗਾਰੀ ਲਾਭ ਤੇ ਹੋਰ ਕੋਰੋਨਾਵਾਇਰਸ ਸਹਾਇਤਾ ਦੇ ਸਮੇਂ ਨੂੰ ਵਧਾ ਦੇਣਗੇ। ਰਾਸ਼ਟਰਪਤੀ ਟਰੰਪ ਨੈਸ਼ਨਲ ਗੋਲਫ਼ ਕਲੱਬ ਬੈਡਮਿਨਸਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਐਲਾਨ ਕੀਤਾ ਕਿ ਜੇਕਰ ਡੈਮੋਕਰੈਟਸ ਇਸ ਅਹਿਮ ਰਾਹਤ ਨੂੰ ਰੋਕ ਕੇ ਰਖੀ ਰੱਖਣਗੇ ਤਾਂ ਉਹ ਇਕ ਰਾਸ਼ਟਰਪਤੀ ਦੀ ਹੈਸੀਅਤ ਵਿਚ ਕਾਰਵਾਈ ਕਰਨਗੇ ਤੇ ਅਮਰੀਕੀਆਂ ਨੂੰ ਲੋੜੀਂਦੀ ਰਾਹਤ ਦੇਣਗੇ।

ਉਨਾਂ ਨੇ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਇਸ ਸਬੰਧੀ ਹਫ਼ਤੇ ਦੇ ਅੰਤ ਤੱਕ ਆਦੇਸ਼ ਜਾਰੀ ਹੋ ਸਕਦੇ ਹਨ। ਟਰੰਪ ਨੇ ਹੋਰ ਕਿਹਾ ਕਿ ਉਹ ਅਗਲੇ ਕੁਝ ਹਫ਼ਤਿਆਂ ਦੌਰਾਨ ਸਿਹਤ ਬੀਮਾਕਾਰਾਂ ਬਾਰੇ ਵੀ ਆਦੇਸ਼ ਜਾਰੀ ਕਰਨਗੇ ਜਿਸ ਤਹਿਤ ਬੀਮਾ ਕੰਪਨੀਆਂ ਨੂੰ ਮੁੱਢਲੀਆਂ ਸ਼ਰਤਾਂ ਨੂੰ ਮੰਨਣਾ ਪਵੇਗਾ। ਰਾਹਤ ਪੈਕੇਜ਼ ਬਾਰੇ ਡੈਮੋਕਰੈਟਸ ਤੇ ਰਿਪਬਲੀਕਨ ਵਿਚਾਲੇ ਟਕਰਾਅ ਬਣਿਆ ਹੋਇਆ ਹੈ। ਡੈਮੋਕਰੈਟਸ 10 ਖ਼ਰਬ ਡਾਲਰ ਤੋਂ ਵਧ ਦੀ ਰਾਹਤ ਉਪਰ ਜੋਰ ਦੇ ਰਹੇ ਹਨ ਜਦ ਕਿ ਟਰੰਪ ਪ੍ਰਸ਼ਾਸਨ ਏਡੀ ਵੱਡੀ ਰਕਮ ਦੇਣ ਲਈ ਤਿਆਰ ਨਹੀਂ ਹੈ।
ਇਹ ਰਾਜਸੀ ਇਕੱਠ ਹੈ, ਮਾਸਕ ਦੀ ਲੋੜ ਨਹੀਂ—
 ਗੋਲਫ਼ ਕਲੱਬ ਵਿਖੇ ਬਿਨਾਂ ਮਾਸਕ ਪਾਏ ਇਕੱਠੇ ਹੋਏ ਕੁਝ ਲੋਕਾਂ ਨੇ ਉੱਚੀ ਆਵਾਜ਼ ਵਿਚ ਹੱਥ ਹਿਲਾ ਕੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਰਾਸ਼ਟਰਪਤੀ ਦੀ ਪ੍ਰੈਸ ਕਾਨਫਰੰਸ ਵੇਖਣ ਆਏ ਇਨਾਂ ਲੋਕਾਂ ਵਿਚੋਂ ਬਹੁਤ ਸਾਰਿਆਂ ਨੇ ਮਾਸਕ ਨਹੀਂ ਪਾਏ ਹੋਏ ਸਨ।  ਜਦੋਂ ਰਾਸ਼ਟਰਪਤੀ ਨੂੰ ਪੁੱਛਿਆ ਗਿਆ ਕਿ ਇਥੇ ਬਿਨਾਂ ਮਾਸਕ ਪਾਏ ਏਨੇ ਲੋਕ ਕਿਉਂ ਮੌਜੂਦ ਹਨ ਤਾਂ ਉਨਾਂ ਨੇ ਜੋ ਜਵਾਬ ਦਿੱਤਾ ਉਸ ਨੂੰ ਸੁਣਕੇ ਸਾਰੇ ਹੈਰਾਨ ਹੋ ਗਏ ਤੇ ਕੁਝ ਮੁਸਕਰਾਏ ਬਿਨਾਂ ਨਾ ਰਹਿ ਸਕੇ। ਰਾਸ਼ਟਰਪਤੀ ਨੇ ਕਿਹਾ ” ਇਹ ਰਾਜਸੀ ਸਰਗਰਮੀ ਹੈ, ਰਾਜਸੀ ਸਰਗਰਮੀ ਲਈ ਮਾਸਕ ਤੋਂ ਛੋਟ ਹੈ ਤੇ ਨਾਲੇ ਇਹ ਸ਼ਾਤਮਈ ਪ੍ਰਦਰਸ਼ਨ ਹੈ।” ਰਾਸ਼ਟਰਪਤੀ ਨੇ ਕਿਹਾ ਕਿ ਤੁਸੀਂ ਇਸ ਨੂੰ ਰਾਜਸੀ ਸਰਗਰਮੀ ਕਹਿ ਸਕਦੇ ਹੋ ਪਰ ਮੈਂ ਇਸ ਨੂੰ ਸ਼ਾਤਮਈ ਪ੍ਰਦਰਸ਼ਨ ਦਾ ਨਾਂ ਦਿੰਦਾ ਹੈ। ਗਵਰਨਰ ਫਿਲ ਮਰਫੀ ਨੇ ਲੰਘੇ ਸ਼ੁੱਕਰਵਾਰ ਇਕ ਆਦੇਸ਼ ਜਾਰੀ ਕਰਕੇ ਸਾਰੀਆਂ ਖੁਲੀਆਂ ਜਨਤਿਕ ਥਾਵਾਂ ਜਿਥੇ ਸਮਾਜਿਕ ਦੂਰੀ ਸੰਭਵ ਨਾ ਹੋਵੇ, ‘ਤੇ ਮਾਸਕ ਪਾਉਣ ਲਈ ਕਿਹਾ ਸੀ। ਨਿਊਜਰਸੀ ਜੋ ਮੌਤਾਂ ਦੇ ਮਾਮਲੇ ਵਿਚ ਨਿਊਯਾਰਕ ਤੋਂ ਬਾਅਦ ਦੂਸਰੇ ਸਥਾਨ ‘ਤੇ ਹੈ, ਦੇ ਗਵਰਨਰ ਨੇ ਆਪਣੇ ਆਦੇਸ਼ ਵਿਚ 6 ਫੁੱਟ ਦੀ ਦੂਰੀ ਬਣਾਕੇ ਰੱਖਣ ਉਪਰ ਵੀ ਜੋਰ ਦਿੱਤਾ ਸੀ। ਰਾਸ਼ਟਰਪਤੀ ਟਰੰਪ ਨੇ ਇਕੱਠੇ ਹੋਏ ਲੋਕਾਂ ਵੱਲ ਇਸ਼ਾਰਾ ਕਰਕੇ ਕਿਹਾ ਉਹ ਜਾਣਦੇ ਹਨ ਕਿ ਖ਼ਬਰ ਝੂਠੀ ਹੈ, ਉਹ ਹਰ ਕਿਸੇ ਨਾਲੋਂ ਇਸ ਨੂੰ ਵਧੀਆ ਢੰਗ ਨਾਲ ਸਮਝਦੇ ਹਨ। ਰਾਸ਼ਟਰਪਤੀ ਦਾ ਇਸ਼ਾਰਾ ਸ਼ਾਇਦ ਗਵਰਨਰ ਦੇ ਆਦੇਸ਼ ਵੱਲ ਸੀ।

Share This :

Leave a Reply