ਇਸ ਸਾਲ ‘ਚ ਕੋਵਿਡ-19 ਨੂੰ ਖਤਮ ਕਰ ਦਿੱਤਾ ਜਾਵੇਗਾ,3 ਵੈਕਸੀਨਾਂ ਅੰਤਿਮ ਪੜਾਅ ‘ਚ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਹਜਾਰਾਂ ਲੋਕਾਂ ਵੱਲੋਂ ਵਾਸ਼ਿੰਗਟਨ ਵਿਚ ਨਸਲਵਾਦ ਖਤਮ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਾਇਆ ਕਿ ਵਿਰੋਧੀ ਬਲਦੀ ਉਪਰ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਦੂਸਰੀ ਵਾਰ ਰਾਸ਼ਟਰਪਤੀ ਦੀ ਚੋਣ ਲਈ ਪਾਰਟੀ ਵੱਲੋਂ ਉਮੀਦਵਾਰ ਨਾਮਜ਼ਦ ਕਰਨ ਉਪਰੰਤ ਮਾਨਚੈਸਟਰ ਨੇੜੇ ਹਾਂਗਰ ਏਅਰ ਪੋਰਟ ਵਿਖੇ ਆਪਣੇ ਸਮਰਥਕਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਡੈਮੋਕਰੈਟਸ ਤੇ ਖ਼ਬਰ ਸੰਸਥਾਵਾਂ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀਆਂ ਹਨ। ਡੈਮੋਕਰੈਟਿਕ ਪਾਰਟੀ ਵਿਚ ਲੋਕ ਨਫ਼ਰਤ ਨਾਲ ਭਰੇ ਪਏ ਹਨ।
ਨਾਮਜ਼ਦਗੀ ਲਈ ਪਾਰਟੀ ਵਲੋਂ ਰਸਮੀ ਪ੍ਰਵਾਨਗੀ ਤੋਂ ਪਹਿਲਾਂ ਟਰੰਪ ਨੇ ਵਾਈਟ ਹਾਊਸ ਵਿਚ ਸੰਬੋਧਨ ਕਰਦਿਆਂ ਆਪਣੇ 4 ਸਾਲ ਦੇ ਕਾਰਜਕਾਲ ਦੌਰਾਨ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨਾਂ ਕਿਹਾ ਕਿ ਜੇਕਰ ਉਨਾਂ ਨੂੰ ਦੂਸਰੀ ਵਾਰ ਰਾਸ਼ਟਰਪਤੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਦੇਸ਼ ਨੂੰ ਵਿਸ਼ਵ ਦੀ ਮਹਾਨ ਅਰਥ ਵਿਵਸਥਾ ਬਣਾ ਦੇਣਗੇ। ਉਹ ਅਮਰੀਕੀ ਕਦਰਾਂ ਕੀਮਤਾਂ ਉਪਰ ਪਹਿਰਾ ਦਿੰਦੇ ਹੋਏ ਦੇਸ਼ ਦੀ ਨਵੇਂ ਫਰੰਟਾਂ ਉਪਰ ਅਗਵਾਈ ਕਰਨਗੇ। ਅਮਰੀਕਾ ਲਈ ਕੁੱਝ ਵੀ ਪ੍ਰਾਪਤ ਕਰਨਾ ਅਸੰਭਵ ਨਹੀਂ ਹੈ। ਡੈਮੋਕਰੈਟਿਕ ਉਮੀਦਵਾਰ ਜੋਅ ਬਿਡੇਨ ਉਪਰ ਜੋਰਦਾਰ ਸ਼ਬਦੀ ਹਮਲਾ ਕਰਦਿਆਂ ਟਰੰਪ ਨੇ ਕਿਹਾ ਕਿ ਸਾਬਕਾ ਉੱਪ ਰਾਸ਼ਟਰਪਤੀ ਨੌਕਰੀਆਂ ਤਬਾਹ ਕਰਨ ਲਈ ਜੁੰਮੇਵਾਰ ਹੈ ਤੇ ਉਹ ਸਮਾਜਵਾਦ ਦਾ ‘ਖਤਰਨਾਕ ਘੋੜਾ’ ਹੈ।
3 ਵੈਕਸੀਨਾਂ ਅੰਤਿਮ ਸਟੇਜ਼ ‘ਤੇ-ਟਰੰਪ ਨੇ ਕਿਹਾ ਕਿ ਅਸੀਂ ਇਸ ਸਾਲ ਵੈਕਸੀਨ ਨਾਲ ਕੋਵਿਡ-19 ਨੂੰ ਖਤਮ ਕਰ ਦੇਵਾਂਗੇ। ਤਿੰਨ ਵੱਖ ਵੱਖ ਵੈਕਸੀਨਾਂ ਅਜਮਾਇਸ਼ ਦੇ ਅੰਤਿਮ ਪੜਾਅ ਵਿਚ ਹਨ। ਇਨਾਂ ਵੈਕਸੀਨਾਂ ਦੀ ਲੋੜੀਂਦੀ ਮਾਤਰਾ ਵਿਚ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ।
ਹਜਾਰਾਂ ਲੋਕਾਂ ਵੱਲੋਂ ਪ੍ਰਦਰਸ਼ਨ—ਪੁਲਿਸ ਹਥੋਂ ਮਾਰੇ ਗਏ ਕਾਲੇ ਲੋਕਾਂ ਦੇ ਮੁੱਦੇ ‘ਤੇ ਸੰਸਥਾਗਤ ਨਸਲਵਾਦ ਖਤਮ ਕਰਨ ਦੀ ਮੰਗ ਨੂੰ ਲੈ ਕੇ ਹਜਾਰਾਂ ਲੋਕਾਂ ਨੇ ਵਾਸ਼ਿੰਗਟਨ ਵਿਚ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਅਲ ਸ਼ਾਰਪਟਨ ਵੱਲੋਂ ਇਤਿਹਾਸਕ ਮਾਰਚ, ਜਿਸ ਵਿਚ ਮਾਰਟਿਨ ਲੂਥਰ ਕਿੰਗ ਨੇ ‘ਮੇਰੇ ਵੀ ਸੁਪਨੇ ਹਨ’ ਦੇ ਸਿਰਲੇਖ ਹੇਠ ਭਾਸ਼ਣ ਦਿੱਤਾ ਸੀ, ਦੀ 57ਵੀਂ ਵਰੇ ਗੰਢ ਮਨਾਉਣ ਮੌਕੇ ਆਯੋਜਿਤ ਕੀਤਾ ਗਿਆ। ਇਸ ਮੌਕੇ ਅਮਰੀਕੀ ਲੋਕਾਂ ਨੂੰ ਨਸਲਵਾਦ ਖਿਲਾਫ਼ ਡਟਣ ਦਾ ਸੱਦਾ ਦਿੱਤਾ।