
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਕਾਲੇ ਵਿਅਕਤੀ ਜਾਰਜ ਫਲਾਇਡ ਦੇ ਮਾਮਲੇ ਵਿਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਿਨੇਪੋਲਿਸ ਪੁਲਿਸ ਦੇ ਸਾਬਕਾ ਅਧਿਕਾਰੀ ਡੈਰਕ ਚੂਵਿਨ ਦੇ ਵਕੀਲਾਂ ਨੇ ਅਦਾਲਤ ਵਿਚ ਸੁਣਵਾਈ ਦੌਰਾਨ ਕਿਹਾ ਕਿ ਉਨਾਂ ਦਾ ਮੁਵੱਕਲ ਨਿਰਦੋਸ਼ ਹੈ। ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਫਲਾਇਡ ਦੀ ਮੌਤ ਲਈ ਪੁਲਿਸ ਫੋਰਸ ਦੀ ਨਜਾਇਜ਼ ਵਰਤੋਂ ਜਿੰਮੇਵਾਰ ਨਹੀਂ ਹੈ ਬਲਕਿ ਫਲਾਇਡ ਦੀ ਨਸ਼ੀਲੇ ਪਦਾਰਥ ਖਾਣ ਦੀ ਆਦਤ ਉਸ ਦੀ ਮੌਤ ਦਾ ਕਾਰਨ ਬਣੀ ਹੈ। ਦੂਸਰੇ ਪਾਸੇ ਚੂਵਿਨ ਤੇ 3 ਹੋਰ ਸਾਬਕਾ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦੀ ਪੈਰਵਾਈ ਕਰ ਰਹੇ ਵਕੀਲਾਂ ਨੇ ਅਦਾਲਤ ਵਿਚ ਦਾਇਰ ਕੀਤੇ ਦਸਤਾਵੇਜ਼ਾਂ ਵਿਚ ਕਿਹਾ ਹੈ ਕਿ ਫਲਾਇਡ ਬੇਵੱਸ ਹੋ ਗਿਆ ਸੀ। ਉਸ ਦੇ ਹੱਥ ਬੱਧੇ ਹੋਏ ਸਨ ਤੇ ਉਸ ਨੂੰ ਜ਼ਮੀਨ ਉਪਰ ਪੁੱਠਾ ਲਟਾਇਆ ਹੋਇਆ ਸੀ।
ਪੁਲਿਸ ਅਧਿਕਾਰੀਆਂ ਨੇ ਕਰੂਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਦਸਤਾਵੇਜ਼ਾਂ ਵਿਚ ਵਕੀਲਾਂ ਨੇ ਕਿਹਾ ਹੈ ਕਿ ਫਲਾਇਡ ਵੱਲੋਂ ਮਿੰਨਤ ਕੀਤੀ ਗਈ ਕਿ ਉਹ ਸਾਹ ਨਹੀਂ ਲੈ ਸਕਦਾ ਤੇ ਇਕ ਚਸ਼ਮਦੀਦ ਗਵਾਹ ਵੱਲੋਂ ਵੀ ਇਹ ਕਿਹਾ ਗਿਆ ਕਿ ਉਸ ਨੂੰ ਛੱਡ ਦਿੱਤਾ ਜਾਵੇ ਪਰ ਮੁੱਖ ਦੋਸ਼ੀ ਤੇ ਉਸ ਦੇ 3 ਸਾਥੀਆਂ ਨੇ ਇਕ ਨਾ ਸੁਣੀ ਤੇ ਆਖਰਕਾਰ ਸਾਹ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਵਕੀਲਾਂ ਨੇ ਕਿਹਾ ਹੈ ਕਿ ਜੇਕਰ ਪੁਲਿਸ ਅਧਿਕਾਰੀ ਦੋਸ਼ੀ ਠਹਿਰਾ ਦਿੱਤੇ ਜਾਂਦੇ ਹਨ ਤਾਂ ਉਹ ਉਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਅਦਾਲਤ ਨੂੰ ਬੇਨਤੀ ਕਰਨਗੇ। ਚੂਵਿਨ ਤੋਂ ਇਲਾਵਾ ਬਾਕੀ ਤਿੰਨ ਪੁਲਿਸ ਅਧਿਕਾਰੀਆਂ ਵਿਚ ਜੇ. ਅਲੈਗਜੈਂਡਰ ਕੂਏਂਗ, ਥਾਮਸ ਲੇਨ ਤੇ ਟੋ ਥਾਓ ਸ਼ਾਮਿਲ ਹਨ। ਇਨਾਂ ਪਰ ਹੱਤਿਆ ‘ਚ ਚੂਵਿਨ ਦੀ ਮੱਦਦ ਕਰਨ ਦੇ ਦੋਸ਼ ਲਾਏ ਗਏ ਹਨ। ਇਨਾਂ ਚਾਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ।