ਗੁਰੂ ਨਾਨਕ ਦੇਵ ਹਸਪਤਾਲ ਤੋਂ ਇਲਾਜ ਕਰਵਾ ਕੇ ਡੀ. ਸੀ ਪੀ. ਜਗਮੋਹਨ ਸਿੰਘ ਨੇ ਕੋਰੋਨਾ ਨੂੰ ਦਿੱਤੀ ਮਾਤ

ਡੀ. ਸੀ ਪੀ. ਜਗਮੋਹਨ ਸਿੰਘ

ਅੰਮ੍ਰਿਤਸਰ (ਮੀਡੀਆ ਬਿਊਰੋ) ਅੰਮ੍ਰਿਤਸਰ ਸ਼ਹਿਰੀ ਪੁਲਿਸ ਦੇ ਡੀ. ਸੀ. ਪੀ. ਜਗਮੋਹਨ ਸਿੰਘ, ਜੋ ਕਿ ਬੀਤੇ ਦਿਨ ਕੋਵਿਡ-19 ਟੈਸਟ ਦੇ ਪਾਜ਼ੀਟਵ ਆ ਜਾ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਹੋਏ ਸਨ, ਕੋਰੋਨਾ ਨੂੰ ਮਾਤ ਦੇ ਕੇ ਘਰ ਪਹੁੰਚ ਗਏ ਹਨ। ਭਾਵੇਂ ਉਹ ਅਜੇ ਇਕਾਂਤਵਾਸ ਹੋਣ ਕਾਰਨ ਡਿਊਟੀ ਉਤੇ ਹਾਜ਼ਰ ਨਹੀਂ ਹੋਏ, ਪਰ ਫੋਨ ਉਤੇ ਕਮਾਂਡ ਕਰਨ ਲੱਗੇ ਹਨ। ਅੱਜ ਫੋਨ ਉਤੇ ਗੱਲਬਾਤ ਕਰਦੇ ਸ. ਜਗਮੋਹਨ ਸਿੰਘ ਨੇ ਦੱਸਿਆ ਕਿ ਕੋਵਿਡ-19 ਵਿਰੁੱਧ ਲਗਾਤਾਰ ਡਿਊਟੀ ਕਰਦੇ ਉਨਾਂ ਨੂੰ ਕੋਰੋਨਾ ਦੀ ਲਾਗ ਲੱਗ ਗਈ ਸੀ। ਉਨਾਂ ਦੱਸਿਆ ਕਿ ਮੈਨੂੰ ਦੋ ਕੁ ਦਿਨ ਤੋਂ ਬੁਖਾਰ ਰਹਿਣ ਕਾਰਨ ਮੈਂ ਟੈਸਟ ਕਰਵਾਇਆ ਤਾਂ 28 ਜੁਲਾਈ ਨੂੰ ਮੇਰੀ ਰਿਪੋਰਟ ਪਾਜ਼ਿਟਵ ਆ ਗਈ ਅਤੇ ਡਾਕਟਰਾਂ ਨੇ ਮੈਨੂੰ ਘਰ ਵਿਚ ਰਹਿਣ ਦੀ ਸਲਾਹ ਦਿੱਤੀ।

ਉਨਾਂ ਦੱਸਿਆ ਕਿ 30 ਜੁਲਾਈ ਨੂੰ ਮੈਨੂੰ ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋਈ ਤਾਂ ਮੈਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਹੋ ਗਿਆ। ਉਨਾਂ ਦੱਸਿਆ ਕਿ ਉਥੇ ਡਾਕਟਰਾਂ ਨੇ ਆਮ ਮਰੀਜਾਂ ਦੀ ਤਰਾਂ ਮੇਰਾ ਇਲਾਜ ਵੀ ਸ਼ੁਰੂ ਕਰ ਦਿੱਤਾ। ਸ. ਜਗਮੋਹਨ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਦੇ ਇਲਾਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਠੀਕ ਮਹਿਸੂਸ ਕੀਤਾ ਅਤੇ ਡਾਕਟਰਾਂ ਦੀ ਸਲਾਹ ਨਾਲ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ। ਉਨਾਂ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਆਪਣੇ ਤਜ਼ਰਬੇ ਨਾਲ ਮੈਨੂੰ ਦਵਾਈ ਦੇਣ ਦੇ ਨਾਲ-ਨਾਲ ਮਾਨਸਿਕ ਤੌਰ ਤੇ ਕਾਇਮ ਕੀਤਾ। ਇਸ ਤੋਂ ਇਲਾਵਾ ਉਥੋਂ ਦੇ ਨਰਸਿੰਗ ਸਟਾਫ ਅਤੇ ਹੋਰ ਅਮਲਾ ਵੀ ਸਾਰੇ ਮਰੀਜਾਂ ਦੀ ਚੰਗੀ ਸੇਵਾ ਕਰਦਾ ਵਿਖਾਈ ਦਿੱਤਾ। ਉਨਾਂ ਦੱਸਿਆ ਕਿ ਖਾਣਾ ਵੀ ਹਸਪਤਾਲ ਵਿਚੋਂ ਹੀ ਮਿਲਦਾ ਰਿਹਾ, ਜੋ ਕਿ ਪੌਸ਼ਟਿਕ ਤੇ ਸਾਫ-ਸੁਥਰਾ ਸੀ। ਉਨਾਂ ਕਿਹਾ ਕਿ ਹੁਣ ਡਾਕਟਰਾਂ ਨੇ ਮੈਨੂੰ ਘਰ ਵਿਚ ਹਰੀਆਂ ਸਬਜੀਆਂ, ਫਲ, ਤਰਲ ਪਦਾਰਥ ਵੱਧ ਤੋਂ ਵੱਧ ਖਾਣ ਦੀ ਹਦਾਇਤ ਕੀਤੀ ਹੈ, ਜਿਸਦੀ ਮੈਂ ਪਾਲਣਾ ਕਰ ਰਿਹਾ ਹਾਂ। ਉਨਾਂ ਦੱਸਿਆ ਕਿ ਮੈਂ ਇਸ ਤੋਂ ਇਲਾਵਾ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਸਾਹ ਲੈਣ ਵਾਲੀ ਕਸਰਤ ਕਰ ਰਿਹਾ ਹਾਂ ਅਤੇ ਆਸ ਹੈ ਕਿ ਮੈਂ ਛੇਤੀ ਆਪਣੀ ਡਿਊਟੀ ਉਤੇ ਪਰਤ ਜਾਵਾਂਗਾ।

Share This :

Leave a Reply