ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੈਨਬਰਾ ਦੇ ਸੰਸਦ ਭਵਨ ਵਿਖੇ ਵਿਸ਼ੇਸ਼ ਪ੍ਰੈਸ ਬੈਠਕ ਦੌਰਾਨ ਕਿਹਾ ਕਿ ਆਸਟਰੇਲੀਆ ਨੂੰ ਇਕ ਅਣਜਾਣ ਵਿਦੇਸ਼ੀ ਸਾਈਬਰ ਹਮਲੇ ਵਿੱਚ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਵਿੱਚ ਆਸਟਰੇਲੀਆ ਦੇ ਨਿੱਜੀ ਅਤੇ ਜਨਤਕ ਖੇਤਰ ਜਿਸ ਵਿੱਚ ਸਰਕਾਰ, ਉਦਯੋਗ, ਰਾਜਨੀਤਿਕ ਸੰਗਠਨ, ਸਿੱਖਿਆ, ਸਿਹਤ, ਜਰੂਰੀ ਸੇਵਾ ਪ੍ਰਦਾਤਾ ਅਤੇ ਹੋਰ ਨਾਜ਼ੁਕ ਬੁਨਿਆਦੀ ਢਾਂਚਿਆਂ ਦੇ ਸੰਚਾਲਕ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਆਸਟਰੇਲੀਆ ਦੀ ਸਰਕਾਰ ਇਹਨਾਂ ਸਾਈਬਰ ਹਮਲਿਆਂ ਦੇ ਖਤਰੇ ਤੋਂ ਜਾਣੂ ਅਤੇ ਸੁਚੇਤ ਹੈ।
ਸ੍ਰੀ ਮੌਰੀਸਨ ਨੇ ਕਿਹਾ ਕਿ ਇਸ ਤਰਾਂ ਦੇ ਸਾਈਬਰ ਹਮਲੇ ਸਾਡੇ ਦੇਸ਼ ਲਈ ਕੋਈ ਨਵਾਂ ਜੋਖਮ ਨਹੀਂ ਹਨ ਪਰ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਆਸਟਰੇਲਿਆਈ ਅਵਾਮ ਨੂੰ ਵਧੇਰੇ ਜਾਗਰੂਕ ਹੋਣ ਦੀ ਜਰੂਰਤ ਹੈ। ਉਹਨਾਂ ਹੋਰ ਕਿਹਾ ਕਿ ਚਾਹੇ ਹੁਣ ਤਕ ਕੀਤੀ ਗਈ ਜਾਂਚ ਵਿੱਚ ਵੱਡੇ ਪੱਧਰ ‘ਤੇ ਨਿੱਜੀ ਅੰਕੜਿਆਂ ਦੀ ਉਲੰਘਣਾ ਦਾ ਖੁਲਾਸਾ ਨਹੀਂ ਹੋਇਆ ਹੈ। ਪਰ ਆਸਟਰੇਲਿਆਈ ਸੰਗਠਨਾਂ ਨੂੰ ਇਸ ਵੇਲੇ ਇੱਕ ਸੂਝਵਾਨ ਸਟੇਟ-ਅਧਾਰਤ ਸਾਈਬਰ ਟਿਕਾਣਿਆਂ ਦੁਆਰਾ ਲਗਾਤਾਰ ਨਿਸ਼ਾਨਾ ਬਣਾਉਣਾ ਰਾਸ਼ਟਰ ਦੇ ਹਿੱਤ ‘ਚ ਨਹੀਂ ਹੈ। ਗੌਰਤਲਬ ਹੈ ਕਿ ਇਸ ਸਮੇਂ ਆਸਟਰੇਲੀਆ ਦੀਆਂ ਸੁਰੱਖਿਆ ਏਜੰਸੀਆਂ ਇਸਦੇ ਪ੍ਰਬੰਧਨ ਲਈ ਸਹਿਯੋਗੀ ਅਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਰਾਸ਼ਟਰੀ ਮੀਡੀਆ ਵੱਲੋਂ ਇਹ ਪੁੱਛੇ ਜਾਣ ‘ਤੇ ਕਿ
ਇਹਨਾਂ ਸਾਈਬਰ ਹਮਲਿਆਂ ਦੀ ਵਿਉਂਤ ਪਿੱਛੇ ਚੀਨ ਹੈ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟਰੇਲਿਆਈ ਸਰਕਾਰ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਨਤਕ ਪੱਖਪਾਤ ਨਹੀਂ ਕਰ ਰਹੀ ਹੈ ਅਤੇ ਸਾਨੂੰ ਹੋਰ ਮੁਸ਼ਤੈਦ ਰਹਿਣਾ ਸਮੇਂ ਦੀ ਮੰਗ ਹੈ।