ਬਰਨਾਲਾ (ਬਲਵੰਤ ਸਿੰਘ ਸਿੱਧੂ) ਨਵਜੰਮੀ ਬੱਚੀ ਨੂੰ ਨਾ ਜਨਮ ਦੇਣ ਵਾਲੇ ਮਾਪਿਆਂ ਨੇ ਰੱਖਿਆ ਅਤੇ ਨਾ ਹੀ ਸਿਵਲ ਹਸਪਤਾਲ ਚ, ਬਣਿਆ ਪੰਘੂਡ਼ਾ ਬੱਚੀ ਨੂੰ ਜਿੰਦਗੀ ਦੇ ਸਕਿਆ। ਵਿਚਾਰੀ ਲਾਵਾਰਿਸ ਬੱਚੀ ਨੇ ਲੋਹਡ਼ੇ ਦੀ ਗਰਮੀ ਤੇ ਹੁੰਮਸ ਭਰੇ ਪੰਘੂਡ਼ੇ ਚ, ਹੀ ਤਡ਼ਫ ਤਡ਼ਫ ਤੇ ਪ੍ਰਾਣ ਤਿਆਗ ਦਿੱਤੇ। ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੇ ਮੁੱਖ ਗੇਟ ਤੇ ਲਾਵਾਰਿਸ ਬੱਚੀਆਂ ਨੂੰ ਸੰਭਾਲਣ ਲਈ ਬਣਾਏ ਪੰਘੂਡ਼ੇ ਚ, ਬੱਚੀ ਦਾ ਮਰ ਜਾਣਾ, ਤੇ ਘੰਟਿਆਂ ਬੱਧੀ ਕਿਸੇ ਦਾ ਰੋ ਰਹੀ ਬੱਚੀ ਕੋਲ ਨਾ ਪਹੁੰਚਣਾ ਇਨਸਾਨੀਅਤ ਅਤੇ ਹਸਪਤਾਲ ਦੇ ਡਿਊਟੀ ਤੇ ਤਾਇਨਾਤ ਸਟਾਫ ਦੇ ਮੱਥੇ ਤੇ ਬਦਨੁਮਾ ਦਾਗ ਹੋ ਨਿਬਡ਼ਿਆ।
ਪੰਘੂਡ਼ੇ ਵਾਲੇ ਕਮਰੇ ਦੇ ਬਾਹਰ ਸੂਚਨਾ ਦੇਣ ਲਈ ਲਗਾਈ ਘੰਟੀ ਬੰਦ ਸੀ, ਪੰਘੂਡ਼ੇ ਤੇ ਹਰ ਪਲ ਨਜ਼ਰ ਰੱਖਣ ਲਈ ਲਾਇਆ ਸੀਸੀਟੀਵੀ ਕੈਮਰਾ ਦੀ ਅੱਖ ਵੀ ਤਡ਼ਫ ਤਡ਼ਫ ਕੇ ਜਾਨ ਤੋਡ਼ ਦੀ ਬੱਚੀ ਦਾ ਮੰਜਰ ਕੈਦ ਨਹੀਂ ਕਰ ਸਕੀ। ਨਤੀਜੇ ਵੱਜੋਂ ਇਸ ਪੰਘੂਡ਼ੇ ਦੇ ਇਤਹਾਸ ਚ, ਪਹਿਲੀ ਵਾਰ ਪੰਘੂਡ਼ੇ ਵਿੱਚੋ ਨਵਜੰਮੀ ਦੀ ਲਾਸ਼ ਬਰਾਮਦ ਹੋਈ। ਸਿਹਤ ਮੁਲਾਜਿਮਾਂ ਨੇ ਬੱਚੀ ਨੂੰ ਕਬਜੇ ਚ, ਲੈ ਲਿਆ ਹੈ। ਸ਼ੁਕਰਵਾਰ ਨੂੰ ਬੱਚੀ ਦਾ ਪੋਸਟਮਾਰਟਮ ਕਰਵਾਉਣ ਸਬੰਧੀ ਨਿਰਣਾ ਲਿਆ ਜਾਵੇਗਾ। ਇਸ ਸਬੰਧੀ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਸਵੇਰੇ ਕਰੀਬ 8:10 ਵਜੇ ਜਦੋਂ ਸਫਾਈ ਕਰਮਚਾਰੀ ਰੋਜਾਨਾ ਦੀ ਤਰਾਂ ਪੰਘੂਡ਼ੇ ਵਾਲੇ ਕਮਰੇ ਦੀ ਸਫਾਈ ਕਰਨ ਪਹੁੰਚੀ ਤਾਂ ਉਸਨੇ ਪੰਘੂਡ਼ੇ ਵਿੱਚ ਪਈ ਬੱਚੀ ਬਾਰੇ ਆਲ੍ਹਾ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਾਂਚ ਕਰਨ ਤੇ ਪਾਇਆ ਕਿ ਬੱਚੀ ਚੋਂ ਭੋਰ ਉੱਡ ਚੁੱਕਿਆ ਹੈ। ।
ਬੱਚੀ ਨੂੰ ਮੁਰਦਾ ਘਰ ਚ, ਸੰਭਾਲਿਆ ਗਿਆ ਹੈ। ਐਸਐਮਉ ਨੇ ਕਿਹਾ ਕਿ ਬੱਚੀ ਦਾ ਪੋਸਟਮਾਰਟਮ ਕਰਵਾਉਣ ਦਾ ਨਿਰਣਾ ਸ਼ੁਕਰਵਾਰ ਨੂੰ ਸਿਹਤ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰੇ ਉਪਰੰਤ ਲਿਆ ਜਾਵੇਗਾ। ਕਿਉਂਕਿ ਨਵਜੰਮੀ ਬੱਚੀ ਦਾ ਪੋਸਟਮਾਰਟਮ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੀ ਸੰਭਵ ਹੈ।
-ਸਿਹਤ ਮੁਲਾਜਿਮਾਂ ਦੀ ਲਾਪਰਵਾਹੀ ਦਰਸਾਉਂਦੇ ਕੁਝ ਸਵਾਲ
-ਪੰਘੂਡ਼ੇ ਵਾਲੇ ਕਮਰੇ ਨਾਲ ਬੱਚਾ ਰੱਖਣ ਸਮੇਂ ਸੂਚਿਤ ਕਰਨ ਵਾਲੀ ਘੰਟੀ ਬੰਦ ਸੀ ?
-ਕਮਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਨਹੀਂ ਚੱਲ ਰਿਹਾ ਸੀ ?
-ਕਮਰਾ ਹਵਾਦਾਰ ਨਹੀਂ ਹੈ, ਨਾ ਹੀ ਉਸ ਵਿੱਚ ਛੱਤ ਪੱਖਾ ਚਾਲੂ ਸੀ ?
-ਬੱਚੀ ਨੂੰ ਕੌਣ ਕਦੋਂ ਰੱਖ ਕੇ ਗਿਆ, ਕਿੰਨ੍ਹਾਂ ਸਮਾਂ ਬੱਚੀ ਪੰਘੂਡ਼ੇ ਚ, ਜਿੰਦਾ ਰਹੀ ?
ਇੱਨ੍ਹਾਂ ਸਵਾਲਾਂ ਦੇ ਜਵਾਬ ਚ, ਐਸਐਮਉ ਜੋਤੀ ਕੌਸ਼ਲ ਨੇ ਕਿਹਾ ਕਿ ਪੰਘੂਡ਼ੇ ਵਾਲੇ ਕਮਰੇ ਦੀ ਐਮਸੀਲ ਬੰਦ ਹੋਣ ਕਾਰਣ ਨਾ ਬਿਜਲੀ ਦੀ ਅਣਹੋਂਦ ਚ, ਘੰਟੀ ਵੱਜੀ ਤੇ ਨਾ ਹੀ ਪੱਖਾ ਚੱਲ ਸਕਿਆ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਸਮੇਂ ਪਤਾ ਲੱਗਿਆ ਕਿ ਡੀਵੀਆਰ ਚੱਲ ਹੀ ਨਹੀਂ ਰਿਹਾ। ਉਨ੍ਹਾਂ ਮੰਨਿਆ ਕਿ ਕਿਸੇ ਵੀ ਕਰਮਚਾਰੀ ਨੇ ਉਨ੍ਹਾਂ ਨੂੰ ਡੀਵੀਆਰ ਖਰਾਬ ਹੋਣ ਦੀ ਜਾਣਕਾਰੀ ਨਹੀਂ ਸੀ ਦਿੱਤੀ। ਬੱਚੀ ਨੂੰ ਕੌਣ ਕਦੋਂ ਪੰਘੂਡ਼ੇ ਚ, ਰੱਖ ਕੇ ਗਿਆ, ਇਸ ਡੀਵੀਆਰ ਖਰਾਬ ਹੋਣ ਕਰਕੇ ਪਤਾ ਕਰਨਾ ਹੁਣ ਸੰਭਵ ਹੀ ਨਹੀਂ ਰਿਹਾ।
ਭਰੋਸਯੋਗ ਸੂਤਰਾਂ ਅਨੁਸਾਰ ਬੱਚੀ ਨੂੰ ਬੁੱਧਵਾਰ ਕਰੀਬ 4 ਵਜੇ ਪੰਘੂਡ਼ੇ ਚ, ਰੱਖਿਆ ਗਿਆ ਸੀਸ ਪਰੰਤੂ ਪੰਘੂਡ਼ੇ ਵਾਲੀ ਘੰਟੀ ਬੰਦ ਸੀ। ਜਿਸ ਕਾਰਣ ਹਸਪਤਾਲ ਦੇ ਸਟਾਫ ਨੂੰ ਬੱਚੀ ਦੇ ਪੰਘੂਡ਼ੇ ਚ, ਪਈ ਹੋਣ ਦਾ ਪਤਾ ਹੀ ਨਹੀਂ ਲੱਗ ਸਕਿਆ। ਸੀਸੀਟੀਵੀ ਕੈਮਰੇ ਦੀ ਅੱਖ ਨੇ ਪੂਰਾ ਮੰਜਰ ਕੈਦ ਜਰੂਰ ਕੀਤਾ। ਪਰੰਤੂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਲਾਪਰਵਾਹੀ ਦੇ ਸਬੂਤ ਮਿਟਾਉਣ ਲਈ, ਕੈਮਰੇ ਦਾ ਡੀਵੀਆਰ ਹੀ ਖਰਾਬ ਕਰਕੇ ਸਬੂਤ ਖੁਰਦ ਬੁਰਦ ਕਰ ਦਿੰਤੇ। ਜਥੇਦਾਰ ਅਮਰ ਸਿੰਘ ਅਤੇ ਪ੍ਰਸ਼ੋਤਮ ਸਿੰਘ ਮਠਾਡ਼ੂ ਨੇ ਕਿਹਾ ਕਿ ਬੱਚੀ ਦੀ ਜਾਨ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਾਰਣ ਗਈ ਹੈ। ਲਾਪਰਵਾਹੀ ਕਰਨ ਵਾਲੇ ਸਟਾਫ ਦੀ ਸ਼ਿਨਾਖਤ ਕਰਨ ਵਾਲੇ ਸਟਾਫ ਦੀ ਸ਼ਿਨਾਖਤ ਕਰਕੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਪ੍ਰਬੰਧਨ ਨੇ ਆਪਣੇ ਸਟਾਫ ਨੂੰ ਬਚਾਉਣ ਲਈ ਕੋਈ ਕਾਰਵਾਈ ਅਮਲ ਚ ਨਾ ਲਿਆਂਦੀ, ਤਾਂ ਉਹ ਹਾਈਕੋਰਟ ਚ, ਪੀਆਈਐਲ ਦਾਇਰ ਕਰਨਗੇ