ਅੰਮ੍ਰਿਤਸਰ (ਮੀਡੀਆ ਬਿਊਰੋ) ਅੱਜ ਸ. ਬਲਵਿੰਦਰ ਸਿੰਘ ਸੰਧੂ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਨੇ ਕੋਵਿਡ -19 ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਐਨ:ਜੀ:ਓ ਸੇਵਾ ਸੰਕਪਲ ਸੁਸਾਇਟੀ ਨਾਲ ਮਿਲ ਕੇ ਇਕ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ। ਇਸ ਐਨ:ਜੀ:ਓ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਵੱਖ ਵੱਖ ਤਰਾਂ ਦੇ ਨਾਅਰੇ ਜਿਵੇਂ ਕਿ ਮਾਸਕ ਪਾ ਕੇ ਰੱਖੋ, ਇਕ ਦੂਜੇ ਤੋਂ ਰੱਖੋ ਦੂਰੀ, ਹੱਥ ਸਾਫ ਰੱਖੋ ਅਤੇ ਬਚਾਓ ਵਿੱਚ ਹੀ ਬਚਾਓ ਹੈ ਨੂੰ ਵੱਖ ਵੱਖ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਇਸ ਮਹਾਂਮਾਰੀ ਤੋਂ ਬਚ ਸਕਣ।
ਇਸ ਮੌਕੇ ਜਿਲਾ ਤੇ ਸੈਸ਼ਨ ਜੱਜ ਸ. ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੂਰੇ ਸੰਸਾਰ ਵਿੱਚ ਅਜੇ ਤੱਕ ਕੋਵਿਡ-19 ਮਹਾਂਮਾਰੀ ਦੀ ਵੈਕਸੀਨ ਤਿਆਰ ਨਹੀਂ ਹੋਈ ਅਤੇ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਅਨੁਸਾਰ ਕੁਝ ਸਾਵਧਾਨੀਆਂ ਵਰਤ ਕੇ ਹੀ ਇਸ ਮਹਾਂਮਾਰੀ ਤੋਂ ਬਚ ਸਕਦੇ ਹਾਂ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਦਾ ਤਰੀਕਾ ਬਚਾਓ ਵਿੱਚ ਹੀ ਬਚਾਓ ਹੈ। ਸ. ਸੰਧੂ ਨੇ ਕਿਹਾ ਕਿ ਕਾਨੂੰਨੀ ਸੇਵਾ ਅਥਾਰਟੀ ਅਤੇ ਬਾਰ ਐਸੋਸੀਏਸ਼ਨ ਵੱਲੋਂ ਮਿਲ ਕੇ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇਗਾ।
ਇਸ ਮੌਕੇ ਸੇਵਾ ਸੰਕਪਲ ਸੁਸਾਇਟੀ ਦੇ ਉਪ ਪ੍ਰਧਾਨ ਸ੍ਰੀ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਉਨਾਂ ਦੀ ਸੁਸਾਇਟੀ ਵੱਲੋਂ ਵੱਖ ਵੱਖ ਤਰਾਂ ਦੇ ਨਾਅਰੇ ਬਣਾ ਕੇ ਸ਼ੋਸ਼ਲ ਮੀਡੀਆ ਰਾਹੀਂ ਘਰ ਘਰ ਤੱਕ ਕਰੋਨਾ ਮਹਾਂਮਾਰੀ ਤੋਂ ਬਚਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਾਨੂੰ ਇਸ ਮੁਹਿੰਮ ਵਿੱਚ ਜਿਲਾ ਕਾਨੂੰਨੀ ਸੇਵਾਵਾਂ, ਵਕੀਲ ਸਹਿਬਾਨ ਅਤੇ ਸਮਾਜ ਸੇਵਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸ੍ਰੀ ਸੁਮਿਤ ਮੱਕੜ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ, ਸ੍ਰੀ ਬਲਜਿੰਦਰ ਸਿੰਘ ਚੀਫ ਜਡੀਸ਼ੀਅਲ ਮੈਜਿਸਟਰੇਟ ਅੰਮ੍ਰਿਤਸਰ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਹਾਜ਼ਰ ਸਨ।