
ਮੁਹਾਲੀ (ਮੀਡੀਆ ਬਿਊਰੋ) ਮੁਹਾਲੀ ਦੀ ਮਾਣਜੋਗ ਜੁਡੀਸ਼ੀਅਲ ਅਦਾਲਤ ਨੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ । ਵਾਰੰਟਾਂ ਅਨੁਸਾਰ ਮੁਹਾਲੀ ਦੇ ਥਾਣਾ ਮਟੌਰ ਦੀ ਪੁਲਿਸ ਨੂੰ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕਰਕੇ 25 ਸਤੰਬਰ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ । ਸਾਬਕਾ ਆਈ.ਏ.ਐੱਸ. ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਅਗਵਾ/ਹੱਤਿਆ ਤੇ ਲਾਪਤਾ ਕਰਨ ਦੇ ਮਾਮਲੇ ‘ਚ ਫਰਾਰ ਚੱਲ ਰਹੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਨੇ ਮੁਲਤਾਨੀ ਹੱਤਿਆ ਮਾਮਲੇ ‘ਚ ਜ਼ਿਲ੍ਹਾ ਆਦਾਲਤ ਤੋਂ ਇਲਾਵਾ ਹਾਈ ਕੋਰਟ ਵਿਚ ਪੇਸ਼ਗੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ
ਪਰ ਉਸ ਨੂੰ ਜ਼ਮਾਨਤ ਨਹੀਂ ਮਿਲ ਸਕੀ। ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਉਨ੍ਹਾਂ ਦੇ ਵਕੀਲਾਂ ਵੱਲੋਂ ਲਾਈ ਗਈ ਪਟੀਸ਼ਨ ਕੁੱਝ ਦਸਤਾਵੇਜ਼ਾਂ ਦੀ ਕਮੀ ਕਾਰਨ ਰਹਿ ਗਈ ਸੀ। ਇਸ ਕਾਰਨ ਉਨ੍ਹਾਂ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵੱਲੋਂ ਆਬਜੈਕਸ਼ਨ ਲਾ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਦੁਬਾਰਾ ਪਟੀਸ਼ਨ ਦਾਇਰ ਕਰਨੀ ਪਵੇਗੀ। ਸ਼ਨੀਵਾਰ ਅਤੇ ਐਤਵਾਰ ਛੁੱਟੀ ਹੋਣ ਕਾਰਨ ਸੋਮਵਾਰ ਨੂੰ ਹੀ ਸੈਣੀ ਦੀ ਪਟੀਸ਼ਨ ਲੱਗੇਗੀ। ਅਜਿਹੇ ‘ਚ ਪੰਜਾਬ ਪੁਲਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਹੋਰ ਸਮਾਂ ਤੇ ਸੁਨਿਹਰੀ ਮੌਕਾ ਮਿਲ ਗਿਆ ਹੈ।