ਕੋਰੋਨਵਾਇਰਸ ਦਾ ਕਹਿਰ, 43581 ਨਵੇਂ ਮਰੀਜ਼ ਹਸਪਤਾਲਾਂ ਵਿਚ ਪੁੱਜੇ, ਕਈ ਰਾਜਾਂ ਵਿਚ ਬਾਰ ਫਿਰ ਕੀਤੇ ਬੰਦ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ 43581 ਕੋਰੋਨਾਵਾਇਰਸ ਪੀੜਤ ਹੋਰ ਮਰੀਜ਼ ਹਸਪਤਾਲਾਂ ਵਿਚ ਪੁੱਜੇ ਹਨ। ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 25,96,537 ਹੋ ਗਈ ਹੈ। ਲੰਘੇ ਦਿਨ 512 ਮਰੀਜ਼ ਦਮ ਤੋੜ ਗਏ ਹਨ। ਮੌਤਾਂ ਦੀ ਕੁਲ ਗਿਣਤੀ 1,28,152 ਹੋ ਗਈ ਹੈ। ਹੁਣ ਤੱਕ 10,81,437 ਮਰੀਜ਼ ਠੀਕ ਹੋਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਿਕਾਰਡ 45255 ਨਵੇਂ ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਨਵੇਂ ਖੇਤਰਾਂ ਵਿਚ ਫੈਲਣ ਤੇ ਨਵੇਂ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜਰ ਕੁਝ ਰਾਜ ਅਰਥਵਿਵਸਥਾ ਖੋਲਣ ਉਪਰ ਬਰੇਕਾਂ ਲਾਉਣ ਲਈ ਮਜਬੂਰ ਹੋਏ ਹਨ। ਟੈਕਸਸ ਦੇ ਗਵਰਨਰ ਗਰੈਗ ਅਬੋਟ ਦਾ ਕਹਿਣਾ ਹੈ ਕਿ ਬਾਰ ਕੋਰੋਨਾਵਾਇਰਸ ਫੈਲਣ ਦਾ ਖਤਰਨਾਕ ਸਾਧਨ ਬਣ ਰਹੀਆਂ ਹਨ। ਉਨ੍ਹਾਂ ਨੇ ਮੁੜ ਬਾਰ ਬੰਦ ਕਰ ਦਿੱਤੇ ਹਨ ਤੇ ਰੈਸਟੋਰੈਂਟਾਂ ਉਪਰ ਵੀ ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਬਾਰਾਂ ਖੋਲਣ ਦਾ ਨਿਰਨਾ ਗਲਤੀ ਸੀ। ਫਲੋਰੀਡਾ ਦੀਆਂ ਬਾਰਾਂ ਵਿਚ ਸ਼ਰਾਬ ਦੀ ਵਰਤੋਂ ਉਪਰ ਰੋਕ ਲਾ ਦਿੱਤੀ ਗਈ ਹੈ।


ਉੱਪ ਰਾਸ਼ਟਰਪਤੀ ਨੇ ਦੌਰਾ ਕੀਤਾ ਰੱਦ- ਉੱਪ ਰਾਸ਼ਟਰਪਤੀ ਮਾਈਕ ਪੈਨਸ ਨੇ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਆਪਣਾ ਫਲੋਰੀਡਾ ਤੇ ਐਰੀਜ਼ੋਨਾ ਦਾ ਦੌਰਾ ਰੱਦ ਕਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਦੇ ਬੁਲਾਰੇ ਨੇ ਦੌਰਾ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਅਨੁਸਾਰ ਪੈਨਸ ਨੇ ‘ ਅਮਰੀਕਾ ਉਪਰ ਵਿਸ਼ਵਾਸ਼ ਕਰੋ’ ਦੌਰੇ ਉਪਰ ਜਾਣਾ ਸੀ ਪਰ ਫਲੋਰੀਡਾ ਤੇ ਐਰੀਜ਼ੋਨਾ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ ਇਸ ਲਈ ਇਹਤਿਆਤ ਵਜੋਂ ਉਨਾਂ ਨੇ ਦੌਰਾ ਰੱਦ ਕਰ ਦਿੱਤਾ ਹੈ।

Share This :

Leave a Reply