ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਸੈਂਟਰ ਫਾਰ ਡਸੀਜ਼ ਕੰਟਰੋਲ (ਸੀ.ਡੀ.ਸੀ) ਦੇ ਮਾਹਿਰਾਂ ਨੇ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਫਰਸ਼ ਜਾਂ ਜਾਨਵਰਾਂ ਰਾਹੀਂ ਫੈਲਣ ਦੀ ਸਭਾਵਨਾ ਬਹੁਤ ਘਟ ਹੈ ਤੇ ਇਹ ਇਨਸਾਨ ਤੋਂ ਇਨਸਾਨਾਂ ਤੱਕ ਤੇਜੀ ਨਾਲ ਫੈਲਦਾ ਹੈ। ਇਹ ਵੀ ਕਿਹਾ ਹੈ ਕਿ ਬਿਨਾਂ ਲੱਛਣਾਂ ਦੇ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ।
ਦੂਸਰੇ ਪਾਸੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਬਿਨਾਂ ਲੱਛਣਾਂ ਦੇ ਵਾਇਰਸ ਦਾ ਫੈਲਣਾ ਘੱਟ ਮਾਮਲਿਆਂ ਵਿਚ ਹੀ ਵੇਖਿਆ ਗਿਆ ਹੈ ਤੇ ਇਸ ਨੂੰ ਵੱਡਾ ਕਾਰਨ ਨਹੀਂ ਮੰਨਿਆ ਜਾ ਸਕਦਾ। ਇਸੇ ਦੌਰਾਨ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ 1093 ਹੋਰ ਲੋਕਾਂ ਦੇ ਦਮ ਤੋੜ ਜਾਣ ਨਾਲ ਮੌਤਾਂ ਦੀ ਗਿਣਤੀ 1,14,148 ਹੋ ਗਈ ਹੈ। ਨਵੇਂ ਮਰੀਜ਼ਾਂ ਦੇ ਆਉਣ ਦਾ ਸਿਲਸਲਾ ਪਹਿਲਾਂ ਵਾਂਗ ਜਾਰੀ ਹੈ ਤੇ 19056 ਨਵੇਂ ਮਰੀਜ਼ ਹਸਪਤਾਲਾਂ ਵਿਚ ਪੁੱਜੇ ਹਨ। ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 20,45,549 ਹੋ ਗਈ ਹੈ। 15382 ਮਰੀਜ਼ ਠੀਕ ਹੋਏ ਹਨ। ਹੁਣ ਤੱਕ 7,88,862 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।