ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਹਾਲਾਂ ਕਿ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਰੋਜਾਨਾ ਹੋ ਰਹੀਆਂ ਮੌਤਾਂ ਵਿਚ ਕਮੀ ਆਈ ਹੈ ਪਰ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਵਾਇਰਸ ਅਜੇ ਉਸੇ ਤਰਾਂ ਹੀ ਕਾਇਮ ਹੈ ਤੇ ਇਹ ਕਿਤੇ ਗਿਆ ਨਹੀਂ ਹੈ। ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਆਸ਼ਿਸ਼ ਝਾਅ ਨੇ ਚਿਤਾਵਨੀ ਦਿੱਤੀ ਹੈ ਕਿ ਪਿਛਲੇ 6 ਹਫ਼ਤਿਆਂ ਦੌਰਾਨ ਮੌਤਾਂ ਦਾ ਅੰਕੜਾ ਘਟਣ ਦੇ ਬਾਵਜੂਦ ਕੋਰੋਨਾਵਾਇਰਸ ਦੇ ਫੈਲਣ ਦਾ ਖਤਰਾ ਨਿਰੰਤਰ ਬਰਕਰਾਰ ਹੈ ਤੇ ਅਗਲੇ ਕੁਝ ਮਹੀਨਿਆਂ ਵਿਚ ਇਕ ਲੱਖ ਹੋਰ ਅਮਰੀਕੀ ਮੌਤ ਦੇ ਮੂੰਹ ਵਿਚ ਜਾ ਸਕਦੇ ਹਨ।
ਝਾਅ ਨੇ ਟਵੀਟ ਕੀਤਾ ਹੈ ਕਿ ”ਰੋਜਾਨਾ 800 ਤੋਂ 1000 ਮੌਤਾਂ ਹੋ ਰਹੀਆਂ ਹਨ, ਅਸੀਂ ਅਜੇ ਸੁਰੱਖਿਅਤ ਨਹੀਂ ਹੋ ਸਕਦੇ ”। ਅਮਰੀਕਾ ਵਿਚ ਅੱਜ ਤੱਕ ਕੋਰੋਨਾਵਾਇਰਸ ਨਾਲ 1,16,034 ਮੌਤਾਂ ਹੋ ਚੁੱਕੀਆਂ ਹਨ ਤੇ ਪੀੜਤ ਮਰੀਜ਼ਾਂ ਦੀ ਗਿਣਤੀ 20,89,701 ਹੋ ਗਈ ਹੈ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਵਿਚ ਵਰਣਯੋਗ ਸੁਧਾਰ ਹੋਇਆ ਹੈ। ਸਿਹਤਮੰਦ ਹੋਣ ਦੀ ਦਰ 88% ਹੋ ਗਈ ਹੈ। ਹੁਣ ਤੱਕ 8,16,086 ਮਰੀਜ਼ ਠੀਕ ਹੋਏ ਹਨ।