ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕੀ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਕੋਰੋਨਾ ਨਾਲ 2 ਕਰੋੜ ਅਮਰੀਕੀ ਪ੍ਰਭਾਵਿਤ ਹਨ ਤੇ ਟੈਸਟਾਂ ਦੀ ਘਾਟ ਕਾਰਨ ਬਹੁਤ ਸਾਰੇ ਮਾਮਲੇ ਗਿਣਤੀ ਵਿਚ ਨਹੀਂ ਆਏ। ਇਸ ਦਾ ਅਰਥ ਹੈ ਕਿ ਵਿਸ਼ਾਲ ਆਬਾਦੀ ਕੋਰੋਨਾ ਨਾਲ ਪ੍ਰਭਾਵਿਤ ਹੈ।
ਪੀੜਤਾਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਦੇ ਦਰਮਿਆਨ ਵਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਨੇ ਪਿਛਲੇ ਤਕਰੀਬਨ 2 ਮਹੀਨਿਆਂ ਦੌਰਾਨ ਪਹਿਲੀ ਵਾਰ ਕੋਰੋਨਾ ਮਹਾਮਾਰੀ ਬਾਰੇ ਗੱਲਬਾਤ ਕੀਤੀ। ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਸੈਂਟਰ ਦੇ ਡਾਇਰੈਕਟਰ ਰਾਬਰਟ ਰੈਡਫੀਲਡ ਨੇ ਕਿਹਾ ਹੈ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਦਰਜ ਹੋਏ ਮਾਮਲਿਆਂ ਨਾਲੋਂ 10 ਗੁਣਾਂ ਜਿਆਦਾ ਹੈ। ਇਸ ਦਾ ਅਰਥ ਹੈ ਕਿ ਦੇਸ਼ ਦੀ ਕੁਲ ਆਬਾਦੀ ਦਾ 6% ਹਿੱਸਾ ਕੋਰੋਨਾ ਨਾਲ ਪੀੜਤ ਹੈ। ਹੁਣ ਤੱਕ ਕੋਰੋਨਾ ਨਾਲ 1,27,640 ਮੌਤਾਂ ਹੋ ਚੁੱਕੀਆਂ ਹਨ ਤੇ ਦਰਜ ਪੀੜਤਾਂ ਦੀ ਗਿਣਤੀ 25,52,956 ਹੈ।