ਅਬੋਹਰ (ਮੀਡੀਆ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਬਿਜਲੀ ਦਰਾਂ ਵਿਚ ਕਟੌਤੀ ਕਰਨ ਦੇ ਝੁਠੇ ਦਾਅਵੇ ਕਰ ਕੇ ਪੰਜਾਬੀਆਂ ਨਾਲ ਧੋਖਾ ਕਰ ਰਹੀ ਹੈ ਜਦਕਿ ਅਸਲ ਵਿਚ ਇਸਨੇ ਇੰਡਸਟਰੀ ਤੇ ਹਸਪਤਾਲ ਸੈਕਟਰ ਲਈ ਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਇਥੇ ਸੀਨੀਅਰ ਆਗੂ ਰਾਜਿੰਦਰ ਦੀਪਾ ਤੇ ਡਾ. ਮਹਿੰਦਰ ਸਿੰਘ ਰਿਣਵਾ ਨਾਲ ਅਰੋੜਾ ਸਮਾਜ ਦੇ ਸੰਸਥਾਪਕ ਅਰੂਟ ਜੀ ਮਹਾਰਾਜ ਦੀ ਜਨਮ ਦਿਹਾੜੇ ’ਤੇ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਰੋੜਾ ਭਾਈਚਾਰੇ ਨੇ ਅਰਥਚਾਰੇ ਦੀ ਮਜ਼ਬੂਤੀ ਵਿਚ ਅਹਿਮ ਰੋਲ ਨਿਭਾਈ ਹੈ ਤੇ ਇਸਨੇ ਹਰਗੋਬਿੰਦ ਖੁਰਾਣਾ, ਕਲਪਨਾ ਚਾਵਨਾ, ਲੈਫ. ਜਨਰਲ ਜੇ ਐਸ ਅਰੋੜਾ ਤੇ ਅੰਮ੍ਰਿਤਾ ਪ੍ਰੀਤਮ ਵਰਗੀਆਂ ਮਹਾਨ ਹਸਪਤੀਆਂ ਵੀ ਸਮਾਜ ਨੂੰ ਦਿੱਤੀਆਂ ਹਨ। ਉਹਨਾਂ ਐਲਾਨ ਕੀਤਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਸਰਕਾਰ ਬਣਨ ਮਗਰੋਂ ਸ੍ਰੀ ਅਰੂਟ ਮਹਾਰਾਜ ਦੇ ਨਾਂ ’ਤੇ ਵੱਡੀ ਯਾਦਗਾਰ ਬਣਾਹੀ ਜਾਵੇਗੀ। ਕਾਂਗਰਸ ਸਰਕਾਰ ਵੱਲੋਂ ਪੰਜਾਬੀਆਂ ਨਾਲ ਕੀਤੇ ਧੋਖੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੇ ਸਿਰਫ ਉਹਨਾਂ ਖਪਤਕਾਰਾਂ ਦੇ ਬਿਜਲੀ ਬਿੱਲ ਘਟਾਏ ਹਨ ਜਿਹਨਾਂ ਦਾ ਲੋਡ 2 ਕਿਲੋਵਾਟ ਤੱਕ ਹੈ ਤੇ ਉਹ 200 ਤੋਂ ਘੱਟ ਯੂਨਿਟ ਬਿਜਲੀ ਖਰਚਦੇ ਹਨ।
ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਇਸ ਵਰਗ ਨੂੰ ਬਿਜਲੀ ਮੁਫਤ ਦਿੱਤੀ ਜਾਂਦੀ ਸੀ। ਉਹਨਾਂ ਕਿਹਾ ਕਿ ਸਰਕਾਰ ਨੇ ਦਰਮਿਆਨ ਤੇ ਭਾਰੀ ਉਦਯੋਗਾਂ ਦੇ ਨਾਲ ਨਾਲ ਚੈਰੀਟੇਬਲ ਹਸਪਤਾਲਾਂ ਵਾਸਤੇ ਵੀ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਦੇ ਨਾਲ ਨਾਲ ਵਪਾਰ ਤੇ ਉਦਯੋਗ ਨੂੰ ਛੇ ਮਹੀਨੇ ਦੇ ਬਿਜਲੀ ਬਿੱਲ ਮੁਆਫ ਕਰ ਕੇ ਰਾਹਤ ਦੇਣ ਦੀ ਥਾਂ ਰਾਜ ਸਰਕਾਰ ਘਟੀਆ ਹਰਕਤਾਂ ’ਤੇ ਉਤਰੀ ਹੈ ਤੇ ਰਾਹਤ ਦੇਣ ਦਾ ਢਕਵੰਜ ਕਰ ਰਹੀ ਹੈ ਜਦਕਿ ਰਾਹਤ ਕੋਈ ਦਿੱਤੀ ਨਹੀਂ।
ਅਕਾਲੀ ਦਲ ਦੇ ਪ੍ਰਧਾਨ ਨੇ ਅਬੋਹਰ ਵਿਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਪੁਸ਼ਤ ਪਨਾਹੀ ਹੇਠ ਚਲ ਰਹੇ ਗੁੰਡਾ ਰਾਜ ਦੀ ਵੀ ਨਿਖੇਧੀ ਕੀਤੀ ਤੇ ਉਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਿਸਨੇ ਉਹਨਾਂ ਨੂੰ ਦੱਸਿਆ ਹੈ ਕਿ ਜਾਖੜ ਆਪਣੇ ਪਿੰਡ ਦੇ ਉਹਨਾਂ ਲੋਕਾਂ ਦਾ ਬਚਾਅ ਕਰ ਰਿਹਾ ਹੈ ਜਿਹਨਾਂ ਖਿਲਾਫ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਹੈ। ਉਹਨਾਂ ਨੇ ਜਾਖੜ ਨੂੰ ਚੁਣੌਤੀ ਦਿੱਤੀ ਕਿ ਉਹ 2022 ਦੀਆਂ ਚੋਣਾਂ ਅਬੋਹਰ ਤੋਂ ਲੜ ਕੇ ਵਿਖਾਉਣ ਅਤੇ ਭੱਜ ਕੇ ਪਠਾਨਕੋਟ ਨਾ ਜਾਣ ਜਿਥੇ ਉਹ ਨਜਾਇਜ਼ ਰੇਤ ਮਾਇਨਿੰਗ ਦੀ ਪੁਸ਼ਤ ਪਨਾਹੀ ਕਰ ਰਹੇ ਹਨ।
ਅਕਾਲੀ ਦਲ ਬਾਰੇ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਡਾ ਫਲਸਫਾ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਤੇ ਸਮਾਜ ਦੇ ਸਾਰੇ ਵਰਗਾਂ ਵਿਚ ਸਾਂਝ ਬਣਾਈ ਰੱਖਣਾ ਯਕੀਨੀ ਬਣਾਉਣਾ ਹੈ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਨੂੰ ਅੱਗੇ ਲਿਜਾਣ ਦਾ ਇਹੋ ਇਕ ਤਰੀਕਾ ਹੈ। ਉਹਨਾਂ ਕਿਹਾ ਕਿ ਅਸੀਂ ਸਰਵ ਪੱਖੀ ਵਿਕਾਸ ਦੇ ਹਾਮੀ ਹਾਂ ਤੇ ਮਹਿਸੂਸ ਕਰਦੇ ਹਾਂ ਕਿ ਕਾਂਗਰਸ ਸਰਕਾਰ ਨੇ ਸਾਰੇ ਵਿਕਾਸ ਕਾਰਜ ਠੱਪ ਕਰ ਕੇ ਪੰਜਾਬ ਨੁੰ ਇਕ ਦਹਾਕੇ ਪਿੱਛੇ ਧੱਕ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਇਸੇ ਕਾਰਨ ਲੋਕ ਆਪਣੀਆਂ ਇੱਛਾਵਾਂ ਤੇ ਆਸਾਂ ਦੀ ਪੂਰਤੀਲਈ ਅਕਾਲੀ ਦਲ ਵੱਲ ਵੇਖ ਰਹੇ ਹਨ । ਉਹਨਾਂ ਕਿਹਾ ਕਿ ਮੈਂ ਨਿਮਾਣਾ ਹੋ ਕੇ ਪੰਜਾਬੀਆਂ ਨੂੰ ਨਿਮਰਤਾ ਨਾਲ ਵਿਸ਼ਵਾਸ ਦੁਆਉਂਦਾ ਹਾਂ ਕਿ ਅਸੀਂ ਇਹਨਾਂ ਆਸਾਂ ਦੀ ਪੂਰਤੀ ਵਾਸਤੇ ਪਿੱਛੇ ਨਹੀਂ ਹਟਾਂਗੇ।