
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਨਵਾਂਸ਼ਹਿਰ ਵੱਲੋਂ ਸਵੱਛਤਾ ਸਰਵੇਖਣ ਵਿਚ ਉੱਤਰੀ ਭਾਰਤ ਵਿਚੋਂ ਸਭ ਤੋਂ ਸਾਫ਼ ਸ਼ਹਿਰ ਦਾ ਆਪਣਾ ਖਿਤਾਬ ਬਰਕਰਾਰ ਰੱਖਣ ਵਿਚ ਸਫਲਤਾ ਹਾਸਲ ਕਰਨ ’ਤੇ ਅੱਜ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਨਗਰ ਕੌਂਸਲ ਨੂੰ ਇਸ ਮੁਕਾਮ ’ਤੇ ਪਹੁੰਚਾਉਣ ਵਾਲੀ ਟੀਮ ਦੀ ਹੌਸਲਾ ਅਫ਼ਜ਼ਾਈ ਕੀਤੀ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਬੰਧੀ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਨਵਾਂਸ਼ਹਿਰ ਨੂੰ ਇਹ ਮਾਣ ਦਿਵਾਉਣ ਵਿਚ ਨਗਰ ਕੌਂਸਲ ਦੇ ਪ੍ਰਸ਼ਾਸਕ, ਕਾਰਜਸਾਧਕ ਅਫ਼ਸਰ, ਅਧਿਕਾਰੀਆਂ, ਕਰਮਚਾਰੀਆਂ, ਸਫ਼ਾਈ ਸੇਵਕਾਂ ਅਤੇ ਸ਼ਹਿਰ ਵਾਸੀਆਂ ਦਾ ਵਿਸ਼ੇਸ਼ ਯੋਗਦਾਨ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਯੋਗ ਅਗਵਾਈ ਵਿਚ ਨਗਰ ਕੌਂਸਲ ਦੀ ਟੀਮ ਨੇ ਇਹ ਵੱਡਾ ਮਾਅਰਕਾ ਮਾਰਨ ਵਿਚ ਸਫਲਤਾ ਹਾਸਲ ਕਰ ਕੇ ਇਕ ਮਿਸਾਲ ਕਾਇਮ ਕੀਤੀ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਸਵੱਛਤਾ ਦੇ ਮਾਮਲੇ ਵਿਚ ਜਿਥੇ ਨਗਰ ਕੌਂਸਲ ਦੇ ਅਧਿਕਾਰੀ, ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਨੇ ਪ੍ਰਤੀਬੱਧਤਾ ਦਿਖਾਈ ਹੈ, ਉਸੇ ਤਰਾਂ ਸ਼ਹਿਰ ਵਾਸੀਆਂ ਨੇ ਵੀ ਇਹ ਸਾਬਤ ਕੀਤਾ ਹੈ ਕਿ ਉਹ ਸਫ਼ਾਈ ਪ੍ਰਤੀ ਕਿੰਨੇ ਜਾਗਰੂਕ ਹਨ। ਉਨਾਂ ਵਿਸ਼ੇਸ਼ ਤੌਰ ’ਤੇ ਸਫ਼ਾਈ ਸੇਵਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਕੋਵਿਡ-19 ਮਹਾਮਾਰੀ ਦੀ ਇਸ ਔਖੀ ਘੜੀ ਦੌਰਾਨ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਨਾਂ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ, ਜਿਨਾਂ ਨੇ ਸਫ਼ਾਈ ਪ੍ਰਤੀ ਜਾਗਰੂਕ ਕਰ ਕੇ ਲੋਕਾਂ ਨੂੰ ਨਾਲ ਜੋੜਿਆ ਹੈ। ਐਸ. ਡੀ. ਐਮ ਨਵਾਂਸ਼ਹਿਰ-ਕਮ-ਪ੍ਰਸ਼ਾਸਕ ਨਗਰ ਕੌਂਸਲ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਇਹ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਵੀ ਸਭਨਾਂ ਦੇ ਸਹਿਯੋਗ ਨਾਲ ਨਵਾਂਸ਼ਹਿਰ ਦਾ ਨੰਬਰ ਇਕ ਦਰਜਾ ਬਰਕਰਾਰ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਾਜੀਵ ਸਰੀਨ ਵੱਲੋਂ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ, ਕਰਮਚਾਰੀ ਅਤੇ ਸਫ਼ਾਈ ਸੇਵਕ ਮੌਜੂਦ ਸਨ।





















