ਅਮਰੀਕੀ ਝੰਡੇ ਦੇ ਅਪਮਾਨ ਲਈ 1 ਸਾਲ ਦੀ ਹੋਵੇ ਸਜ਼ਾ
ਟੁਲਸਾ ਰੈਲੀ ਵਿਚ ਆਸ ਨਾਲੋਂ ਘੱਟ ਹੋਇਆ ਇਕੱਠ
ਟੁਲਸਾ (ਓਕਲਾਹੋਮਾ) (ਹੁਸਨ ਲੜੋਆ ਬੰਗਾ)-ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫਿਰ ਕੋਰੋਨਾਵਾਇਰਸ ਫੈਲਣ ਲਈ ਚੀਨ ਨੂੰ ਜਿੰਮੇਵਾਰ ਠਹਿਰਾਇਆ ਤੇ ਉਨ•ਾਂ ਨੇ ਕੋਰੋਨਾ ਨੂੰ ‘ਚੀਨੀ ਵਾਇਰਸ’ ਕਿਹਾ। ਇਸ ਦੇ ਨਾਲ ਹੀ ਉਨਾਂ ਨੇ ਉਸ ਦੇ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਦੀ ਰੋਕਥਾਮ ਲਈ ਕੀਤੇ ਯਤਨਾਂ ਦੀ ਜੋਰਦਾਰ ਸ਼ਬਦਾਂ ਵਿਚ ਸ਼ਲਾਘਾ ਕੀਤੀ। ਆਸ ਨਾਲੋਂ ਘੱਟ ਹੋਏ ਇਕੱਠ ਨੂੰ ਟਰੰਪ ਨੇ 1 ਘੰਟਾ 41 ਮਿੰਟ ਸੰਬੋਧਨ ਕੀਤਾ। ਟਰੰਪ ਨੇ ਕਿਹਾ ਕਿ ਉਸ ਨੂੰ ਆਸ ਸੀ ਕਿ ਬੀ ਓ ਕੇ ਸੈਂਟਰ ਵਿਚਲੀਆਂ 19000 ਸੀਟਾਂ ਭਰ ਜਾਣਗੀਆਂ ਤੇ ਹਜਾਰਾਂ ਲੋਕਾਂ ਦੀ ਹੋਰ ਭੀੜ ਇਕੱਠੀ ਹੋਵੇਗੀ ਪਰੰਤੂ ਇਥੇ ਤਾਂ ਕਈ ਸੀਟਾਂ ਖਾਲੀ ਹਨ ਟਰੰਪ ਨੇ ਦੇਸ਼ ਭਰ ਵਿਚ ਹੋਏ ਪ੍ਰਦਰਸ਼ਨਾਂ ਦੀ ਸਖਤ ਲਹਿਜੇ ਵਿਚ ਅਲੋਚਨਾ ਕਰਦਿਆਂ ਕਿਹਾ ਕਿ ‘ ਖੱਬੇ ਪਖੀਆਂ ਦੀ ਆਪਹੁੱਦਰੀ ਭੀੜ ਸਾਡੇ ਇਤਿਹਾਸ ਨੂੰ ਨਸ਼ਟ ਕਰਨ ਦੇ ਯਤਨ ਵਿਚ ਹੈ, ਸਾਡੇ ਸ਼ਾਨਦਾਰ ਸਮਾਰਕਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਤੇ ਬੁੱਤਾਂ ਨੂੰ ਤੋੜਿਆ ਜਾ ਰਿਹਾ ਹੈ।
ਲੰਘੀ ਰਾਤ ਵਾਸ਼ਿੰਗਟਨ ਡੀ. ਸੀ ਵਿਚ ਤਾਜਾ ਵਿਖਾਵਾ ਹੋਇਆ ਹੈ ਜਿਥੇ ਇਕ ਸੰਘੀ ਬੁੱਤ ਨੂੰ ਤੋੜ ਦਿੱਤਾ ਗਿਆ ਹੈ। ਪ੍ਰਦਰਸ਼ਨ ਕਾਰੀਆਂ ਨੇ ਕਲਾ ਦੇ ਇਕ ਬਹੁਤ ਹੀ ਸੁੰਦਰ ਨਮੂਨੇ ਨੂੰ ਤਬਾਹ ਕਰ ਦਿੱਤਾ ਹੈ।” ਪ੍ਰਦਰਸ਼ਨਕਾਰੀਆਂ ਨੇ ਜਨਰਲ ਅਲਬਰਟ ਪਾਈਕ ਦੇ ਬੁੱਤ ਨੂੰ ਤੋੜ ਦਿੱਤਾ ਤੇ ਉਪਰੰਤ ਇਸ ਨੂੰ ਅੱਗ ਦੇ ਸਪੁਰਦ ਕਰ ਦਿੱਤਾ। ਉਨ•ਾਂ ਕਿਹਾ ਕਿ ਓਕਲਾਹੋਮਾ ਵਿਚ ਰੈਲੀ ਸੈਂਸਰਸ਼ਿੱਪ ਤੇ ਬੰਦਸ਼ਾਂ ਖਿਲਾਫ ਕੀਤੀ ਗਈ ਹੈ। ਰਾਸ਼ਟਰਪਤੀ ਨੇ ਕਿਹਾ ‘ ਉਹ ਸਾਡੀ ਵਿਰਾਸਤ ਨੂੰ ਖਤਮ ਕਰਨਾ ਚਹੁੰਦੇ ਹਨ ਤਾਂ ਜੋ ਇਸ ਦੀ ਥਾਂ ‘ਤੇ ਦਮਨਕਾਰੀ ਪ੍ਰਬੰਧ ਕਾਇਮ ਕੀਤਾ ਜਾ ਸਕੇ। ਉਹ ਸਾਡਾ ਪੁਲਿਸ ਵਿਭਾਗ ਖਤਮ ਕਰਨਾ ਚਹੁੰਦੇ ਹਨ, ਇਸ ਸਬੰਧੀ ਗੰਭੀਰਤਾ ਨਾਲ ਸੋਚਣਾ ਪਵੇਗਾ।” ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਅਮਰੀਕੀ ਝੰਡਾ ਸਾੜੇ ਜਾਣ ਬਾਰੇ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਸਾਨੂੰ ਇਕ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਤਹਿਤ ਅਮਰੀਕੀ ਝੰਡਾ ਸਾੜਨ ਵਾਲੇ ਨੂੰ ਇਕ ਸਾਲ ਲਈ ਜੇਲ• ਜਾਣਾ ਪਵੇ।” ਕੋਰੋਨਾ ਬਾਰੇ ਬੋਲਦਿਆਂ ਟਰੰਪ ਨੇ ਕਿਹਾ ਕਿ ‘ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਕ ਬਿਮਾਰੀ ਹੈ, ਮੈ ਇਸ ਨੂੰ ਵੱਖ ਵੱਖ 19 ਨਾਵਾਂ ਨਾਲ ਪੁਕਾਰ ਸਕਦਾ ਹਾਂ। ਬਹੁਤ ਸਾਰੇ ਲੋਕ ਇਸ ਨੂੰ ਵਾਇਰਸ ਕਹਿੰਦੇ ਹਨ ਜੋ ਇਹ ਹੈ ਵੀ ਪਰ ਹੋਰ ਕਈ ਫਲੂ ਕਹਿੰਦੇ ਹਨ। ਇਨਾਂ ਵਿਚ ਕੀ ਫਰਕ ਹੈ?” ਉਨਾਂ ਨੇ ਕੋਰੋਨਾਵਾਇਰਸ ਨੂੰ ‘ਕੁੰਗ ਫਲੂ’ ਦਾ ਨਾਂ ਵੀ ਦਿੱਤਾ।
ਟਰੰਪ ਦੀ ਅਲੋਚਨਾ-
ਰੈਲੀ ਵਿਚ ਦਿੱਤੇ ਭਾਸ਼ਣ ਉਪਰੰਤ ਕੁਝ ਲੋਕਾਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਟਰੰਪ ਨਸਲਵਾਦੀ ਹੈ। ਸਾਬਕਾ ਸੰਘੀ ਵਕੀਲ ਤੇ ਟਰੰਪ ਦੇ ਅਲੋਚਕ ਰੀਨਾਟੋ ਮੈਰੀਓਟੀ ਨੇ ਕਿਹਾ ਹੈ ਕਿ ਟਰੰਪ ਨੇ ਕੋਰੋਨਾਵਾਇਰਸ ਲਈ ‘ਕੁੰਗ ਫਲੂ’ ਸ਼ਬਦ ਵਰਤਿਆ ਹੈ ਜਿਸ ਤੋਂ ਉਸ ਦੇ ਨਸਲੀ ਹੋਣ ਬਾਰੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਅਦਾਕਾਰ ਜਾਰਜ ਟੇਕੀ ਨੇ ਖਤਰਨਾਕ ਬਿਮਾਰੀ ਬਾਰੇ ਮਖੌਲ ਕਰਨ ਲਈ ਟਰੰਪ ਦੀ ਨਿੰਦਾ ਕੀਤੀ ਹੈ। ਟੇਕੀ ਨੇ ਟਵੀਟ ਕੀਤਾ ਹੈ ਕਿ ਟਰੰਪ ਨੇ ਟੁਲਸਾ ਰੈਲੀ ਵਿਚ ਕੋਵਿਡ-19 ਬਾਰੇ ਮਖੌਲ ਕਰਦਿਆਂ ਇਸ ਨੂੰ ਕੁੰਗ ਫਲੂ ਕਿਹਾ ਜੋ ਨਾ ਕੇਵਲ ਨਸਲਵਾਦੀ ਟਿਪਣੀ ਹੈ ਬਲਕਿ ਕੋਰੋਨਾਵਾਇਰਸ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ 1,22,000 ਲੋਕਾਂ ਦਾ ਵੀ ਅਪਮਾਨ ਹੈ। ਇਥੇ ਵਰਣਨਯੋਗ ਹੈ ਕਿ ਸਿਹਤ ਮਾਹਿਰਾਂ ਨੇ ਕੋਰੋਨਾ ਫੈਲਣ ਦੇ ਡਰ ਕਾਰਨ ਰੈਲੀ ਦਾ ਵਿਰੋਧ ਕੀਤਾ ਸੀ ਪਰ ਟਰੰਪ ਨੇ ਸਿਹਤ ਮਾਹਿਰਾਂ ਦੀ ਸਲਾਹ ਨੂੰ ਅਖੋਂ ਪਰੋਖੇ ਕਰਕੇ ਟੁਲਸਾ ਵਿਚ ਰੈਲੀ ਕੀਤੀ।