ਪਟਿਆਲਾ (ਅਰਵਿੰਦਰ ਸਿੰਘ) ਪਹਿਲਾ ਜਿਨ੍ਹਾਂ ਮਹੀਨੀਂਆ ਵਿੱਚ ਵਿਦਿਆਰਥੀ ਅਕਸਰ ਆਪਣੀ ਨਵੀਂ ਕਲਾਸ ਨੂੰ ਲੈ ਕੇ ਉਤਸ਼ਾਹਿਤ ਹੁੰਦੇ ਸਨ ਉਨ੍ਹਾਂ ਮਹੀਨਿਆਂ ਵਿੱਚ ਹੁਣ ਬੱਚੇ ਅਤੇ ਮਾਪੇ ਦੋਵੇਂ ਭੰਬਲਬੂਸੇ ਵਿੱਚ ਪਏ ਹੋਏ ਹਨ। ਜਿਸ ਕਾਰਨ ਹੁਣ ਪ੍ਰਾਈਵੇਟ ਦੀ ਬਜਾਏ ਸਰਕਾਰੀ ਸਕੂਲ ਵਿੱਚ ਦਾਖਲੇ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਣ ਲੱਗੇ ਲੌਕਡਾਉਨ ਦੌਰਾਨ ਸਮੇਂ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਪੰਜਾਬ ਵਿੱਚ ਇਸੇ ਤਾਲਾਬੰਦੀ ਦੌਰਾਨ ਲੋਕ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਤੋਂ ਬੇਹੱਦ ਤੰਗ ਹੋਏ ਪਏ ਹਨ। ਇਥੋਂ ਤੱਕ ਕਿ ਲੋਕ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿਚੋਂ ਬਾਹਰ ਕੱਢ ਕੇ ਸਰਕਾਰੀ ਸਕੂਲਾਂ ਵਿਚ ਭੇਜ ਦੀ ਤਿਆਰੀ ਵੀ ਕਰ ਰਹੇ ਹਨ।
ਕਿਉਂਕਿ ਪਿਛਲੇ ਇੱਕ ਸਾਲ ਵਿੱਚ ਸਿੱਖਿਆ ਵਿਭਾਗ ਨੇ ਰਾਜ ਦੇ 3500 ਤੋਂ ਵੱਧ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰ ਦਿੱਤਾ ਹੈ। ਸਰਕਾਰੀ ਸਿੱਖਿਆ ਲਈ ਚੰਗੀ ਗੱਲ ਇਹ ਹੈ ਕਿ ਇਸ ਵਾਰ 50,000 ਅਜਿਹੇ ਵਿਦਿਆਰਥੀ ਉਨ੍ਹਾਂ ਵਿਚ ਦਾਖਲ ਹੋਏ ਹਨ, ਜੋ 11 ਵੀਂ ਅਤੇ 12 ਵੀਂ ਜਮਾਤ ਵਿਚ ਹਨ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਸਾਲ 5566 ਤੋਂ ਵੱਧ ਬੱਚੇ ਦਾਖਲ ਹੋਏ ਸਨ।
ਕੀ ਕਹਿੰਦੇ ਹਨ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ-
ਸਰਕਾਰੀ ਸਕੂਲਾਂ ਵਿਚ ਦਾਖਲਾ ਵਧਿਆ ਹੈ। ਇਹ ਕਹਿਣਾ ਸਹੀ ਨਹੀਂ ਹੈ ਕਿ ਸਰਕਾਰੀ ਸਕੂਲ ਵਿੱਚ ਦਾਖਲਾ ਪ੍ਰਾਈਵੇਟ ਸਕੂਲ ਦੀ ਵਧੀਆਂ ਫੀਸਾਂ ਕਾਰਨ ਹੋਇਆ ਹੈ। ਕਿਉਂਕਿ ਸਿੱਖਿਆ ਵਿਭਾਗ ਨਾ ਸਿਰਫ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਿਹਾ ਹੈ, ਬਲਕਿ ਪੜ੍ਹਾਈ ਦੀ ਗੁਣਵੱਤਾ ਵਿਚ ਵੀ ਵੱਡਾ ਸੁਧਾਰ ਕਰਨ ਵਿੱਚ ਜੁਟਿਆ ਹੈ। ਜਿਸ ਨਾਲ ਮਾਪਿਆਂ ਦਾ ਭਰੋਸਾ ਸਰਕਾਰੀ ਸਕੂਲਾਂ ਪ੍ਰਤੀ ਹੋਰ ਵਧਿਆ ਹੈ। ਜਿਸ ਨਾਲ ਇਸ ਸਾਲ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚਲੇ ਬੱਚਿਆਂ ਦੇ ਦਾਖਲੇ ਵਿੱਚ ਵੱਡਾ ਇਜਾਫ਼ਾਂ ਹੋਇਆ ਹੈ।
ਚੰਡੀਗੜ੍ਹ ਦੇ ਇੱਕ ਅਖ਼ਬਾਰ ਨੇ ਇਨ੍ਹਾਂ ਦਾਖਲਿਆ ਨੂੰ ਦੱਸਿਆ ਫਰਜੀਵਾੜਾ–
ਅਖ਼ਬਾਰ ਵਿੱਚ ਦੱਸੇ ਮੁਤਾਬਿਕ ਸਰਕਾਰੀ ਸਕੂਲਾਂ ਵਿੱਚ ਹੋ ਰਹੇ ਦਾਖਲੇ ਫਰਜ਼ੀ ਹਨ। ਇਹ ਸਭ ਸਰਕਾਰੀ ਡੰਡੇ ਅੱਗੇ ਬੇਵੱਸ ਹੋ ਕੇ ਕੀਤਾ ਜਾ ਰਿਹਾ ਹੈ। ਰੋਜ਼ਾਨਾ ਦਰਜ਼ਨਾਂ ਵਿਦਿਆਰਥੀ ਸਰਕਾਰੀ ਸਕੂਲ ਵਿੱਚ ਦਾਖਲ ਕੀਤੇ ਦਿਖਾਏ ਜਾ ਰਹੇ ਹਨ, ਪਰ ਇਹ ਸਕੂਲ ਵਿੱਚ ਪੜਾਈ ਕਰਨ ਲਈ ਆਊਣਗੇ ਜਾਂ ਨਹੀ ਇਸ ਬਾਰੇ ਕਿਹਾ ਨਹੀ ਜਾ ਸਕਦਾ। ਕਿਉਂਕਿ ਇਹ ਭਰਤੀ ਬੱਚਿਆਂ ਜਾਂ ਮਾਪਿਆਂ ਦੀ ਮਰਜ਼ੀ ਨਾਲ ਨਹੀ ਬਲਕਿ ਉੱਚ ਅਧਿਕਾਰੀਆਂ ਦੀ ਫਟਕਾਰ ਤੋਂ ਬਚਣ ਲਈ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਸਰਕਾਰੀ ਅਧਿਆਪਕ ਪ੍ਰਾਈਵੇਟ ਸਕੂਲ ਵਿੱਚ ਪੜਾਈ ਕਰਦੇ ਬੱਚਿਆਂ ਦੇ ਮਾਪਿਆਂ ਨੂੰ ਇਹ ਲਾਲਚ ਦੇ ਰਹੇ ਹਨ ਕਿ ਕਰੋਨਾਂ ਦੇ ਚਲਦਿਆਂ ਪ੍ਰਾਈਵੇਟ ਸਕੂਲ ਤੁਹਾਡੇ ਤੋਂ ਮੋਟੀਆਂ ਫੀਸਾ ਵਸੂਲ ਕੇ ਵੀ ਚੰਗੀ ਪੜਾਈ ਨਹੀ ਕਰਵਾਏਗਾ। ਇਸ ਦੇ ਉਲਟ ਤੁਸੀ ਸਰਕਾਰੀ ਸਕੂਲ ਵਿੱਚ ਨਾ ਮਾਤਰ ਫੀਸ ਨਾਲ ਖਰਚਾ ਵੀ ਬਚੇਗਾ ਅਤੇ ਨਾਲ ਕੇਂਦਰੀ ਕਾਨੂੰਨ ਦੇ ਚਲਦਿਆਂ ਤੁਹਾਡਾ ਬੱਚਾ ਫੇਲ ਵੀ ਨਹੀ ਹੋਵੇਗਾ।
ਮਾਪਿਆਂ ਦਾ ਸਕੂਲਾਂ ਪ੍ਰਤੀ ਰੁੱਖ
ਅੰਗਰੇਜ਼ੀ ਅਤੇ ਹੋਰ ਕੰਪੀਟੀਸ਼ਨਾ ਦੀ ਤਿਆਰੀ ਨੂੰ ਲੈ ਕੇ ਦਿਖਾਈ ਜਾਵੇ ਗੰਭੀਰਤਾ– ਸ਼ਰਨਜੀਤ ਕੌਰ ਰਾਜਪੁਰਾ
ਕੋਈ ਸ਼ੱਕ ਨਹੀ ਕਿ ਸਰਕਾਰੀ ਸਕੂਲਾ ਦੀ ਪੜਾਈ ਦਾ ਮਿਆਰ ਅੱਗੇ ਨਾਲੋ ਬਹੁਤ ਵਧੀਆਂ ਹੋਇਆ ਹੈ। ਪਰ ਹਾਲੇ ਵੀ ਸਰਕਾਰੀ ਸਕੂਲਾਂ ਦੀ ਪੜਾਈ ਦੀ ਪੜਾਈ ਵਿੱਚ ਪ੍ਰਾਈਵੇਟ ਸਕੂਲਾਂ ਵਾਂਗ ਅੰਗਰੇਜ਼ੀ ਨੂੰ ਜਿਆਦਾ ਤਰਜੀਹ ਨਹੀ ਦਿੱਤੀ ਜਾਂਦੀ ਜਿਸ ਕਾਰਨ ਮਾਪੇ 12ਵੀਂ ਕਲਾਸ ਤੋਂ ਬਾਅਦ ਕਾਲਜਾਂ ਵਿੱਚ ਹੋਣ ਵਾਲੀ ਪੜਾਈ ਲਈ ਪਹਿਲਾਂ ਤੋਂ ਹੀ ਫਿਕਰਮੰਦ ਰਹਿੰਦੇ ਹਨ। ਮੈ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਸਰਕਾਰੀ ਸਕੂਲਾਂ ਵਿੱਚ ਵੀ ਅੰਗਰੇਜ਼ੀ ਅਤੇ ਹੋਰ ਕੰਪੀਟੀਸ਼ਨਾ ਦੀ ਤਿਆਰੀ ਨੂੰ ਲੈ ਕੇ ਗੰਭੀਰਤਾ ਦਿਖਾਈ ਜਾਵੇ।
ਸੂਬੇ ਦੀਆਂ ਸਰਕਾਰ ਬਰਾਬਰ ਕਸੂਰਵਾਰ– ਜ਼ਗਰੂਪ ਸਿੰਘ ਪਿੰਡ ਸਿਊਣਾ
ਮੇਰੇ ਦੋਵੇਂ ਬੱਚੇ ਪ੍ਰਾਈਵੇਟ ਸਕੂਲ ਵਿੱਚ ਪੜਦੇ ਹਨ ਪਰ ਲਾਕਡਾਊਨ ਵਿਚਲੇ ਪ੍ਰਾਈਵੇਟ ਸਕੂਲਾਂ ਦੇ ਰੁੱਖ ਅਤੇ ਸਰਕਾਰ ਦੀਆਂ ਪ੍ਰਾਈਵੇਟ ਸਕੂਲਾਂ ਪ੍ਰਤੀ ਮਜ਼ਬੂਰੀਆਂ ਨੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਪੜਾਉਣ ਲਈ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ। ਜੇਕਰ ਖਰਚਿਆਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲਾਂ ਦੇ ਖਰਚਿਆਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ। ਜਿਸ ਲਈ ਸੂਬੇ ਦੀਆਂ ਸਰਕਾਰ ਬਰਾਬਰ ਦੀਆਂ ਕਸੂਰਵਾਰ ਹਨ।
ਕੁਝ ਪ੍ਰਾਈਵੇਟ ਸਕੂਲਾਂ ਪੜਾਈ ਦੀ ਬਜਾਏ ਕਮਿਸ਼ਨ ਵੱਲ ਰੱਖਦੇ ਹਨ ਧਿਆਨ– ਦਵਿੰਦਰ ਸਿੰਘ ਸਨੌਰ
ਕੁਝ ਪ੍ਰਾਈਵੇਟ ਸਕੂਲ ਨਵੇਂ ਸੈਸ਼ਨ ਦੌਰਾਨ ਪੜਾਈ ਦੇ ਚੰਗੇ ਮਿਆਰ ਨੂੰ ਹੋਰ ਉੱਚਾ ਕਰਨ ਦੀ ਬਜਾਏ ਕਿਤਾਬਾ ਅਤੇ ਡਰੈਸਾ ਆਪਣੀਆਂ ਦਰਸਾਈਆ ਦੁਕਾਨਾਂ ਤੋ ਲਿਆਉਣ ਲਈ ਮਜਬੂਰ ਕਰਦੇ ਹਨ। ਇਹ ਹੀ ਨਹੀ ਬਲਕਿ ਹਰ ਸਾਲ ਸਿਰਫ ਇੱਕ ਜਾਂ ਦੋ ਕਿਤਾਬ ਛੱਡ ਕੇ ਸਾਰੀਆਂ ਕਿਤਾਬਾ ਬਦਲ ਦਿੱਤੀਆਂ ਜਾਂਦੀਆਂ ਹਨ ਅਤੇ ਕਿਤਾਬ ਵਿਕ੍ਰੇਤਾ ਦੇ ਨਾਲ ਨਾਲ ਆਪਣੇ ਆਪ ਨੂੰ ਵੱਡਾ ਮੁਨਾਫਾ ਪਹੁੰਚਾਉਣ ਦੇ ਚਲਦਿਆ ਕਿਤਾਬ ਆਪਣੀ ਮਰਜੀ ਜਾਂ ਆਮ ਤੌਰ ਤੇ ਮਿਲਣਾ ਸੰਭਵ ਵੀ ਨਹੀ ਹੁੰਦਾ।
ਆਨ ਲਾਈਨ ਪੜਾਈ ਸਕੂਲਾਂ ਲਈ ਸਿਰਫ ਮਜਬੂਰੀ– ਕੁਲਪ੍ਰੀਤ ਕੌਰ ਫਤਿਹਗੜ੍ਹ ਸਾਹਿਬ
ਆਨ ਲਾਈਨਾ ਪੜਾਈ ਸਕੂਲਾਂ ਲਈ ਸਿਰਫ ਮਜਬੂਰੀ ਬਣਦੀ ਨਜਰ ਆ ਰਹੀ ਹੈ ਕਿਉਂਕਿ ਜੇਕਰ ਇਹ ਆਨ ਲਾਈਨ ਪੜਾਈ ਸਕੂਲ ਨਹੀ ਕਰਵਾਉਂਦਾ ਤਾਂ ਸਕੂਲ ਫੀਸਾਂ ਲੈਣ ਤੋਂ ਬਿਲਕੁਲ ਹੀ ਮੁਨਕਰ ਹੋ ਜਾਵੇਗਾ। ਇਹ ਗੱਲ ਸਕੂਲ ਵਾਲਿਆਂ ਨੂੰ ਵੀ ਪਤਾ ਹੈ ਕਿ ਕੁਝ ਬੱਚੇ ਆਨ ਲਾਈਨ ਦਿੱਤੇ ਟੈਸਟ ਜਿਆਦਾਤਰ ਬੇਪ੍ਰਵਾਹੀ ਨਾਲ ਜਾਂ ਨਕਲ ਮਾਰ ਕੇ ਦਿੰਦੇ ਹਨ। ਜਿਸ ਦਾ ਸਬੱਬ ਹੈ ਕਿ ਬੱਚੇ ਪੜਾਈ ਪ੍ਰਤੀ ਬਿਲਕੁਲ ਵੀ ਚਿੰਤਤ ਨਹੀ ਹਨ। ਮੇਰੀ ਗੁਜਾਰਿਸ਼ ਹੈ ਕਿ ਹਰ ਪ੍ਰਾਈਵੇਟ ਸਕੂਲ ਇਸ ਔਖੇ ਸਮੇਂ ਵਿੱਚ ਚੰਗੀ ਇਨਸਾਨੀਅਤ ਦਿਖਾ ਕੇ ਮਾਪਿਆਂ ਅਤੇ ਬੱਚਿਆਂ ਦੇ ਹਿਤਾ ਨੂੰ ਨਜਰਅੰਦਾਜ ਨਾ ਕਰੇ ਅਤੇ ਮੋਟੀਆਂ ਫੀਸਾ ਲੈਣ ਦੀ ਬਜਾਏ ਕੁਝ ਸਮਾਂ ਸਿਰਫ ਹੋਣ ਵਾਲੇ ਖਰਚੇ ਜਿੰਨਿਆ ਫੀਸਾ ਲੈ ਕੇ ਵਿਅਕਤੀ ਲਈ ਇਨਸਾਨੀਅਤ ਦੀ ਮਿਸਾਲ ਬਣੇ।