ਆਜ਼ਾਦੀ ਦਿਹਾੜੇ ਦੇ ਜ਼ਿਲਾ ਪੱਧਰੀ ਸਮਾਗਮ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਲਹਿਰਾਉਣਗੇ ਰਾਸ਼ਟਰੀ ਝੰਡਾ

ਆਜ਼ਾਦੀ ਦਿਹਾੜੇ ਸਬੰਧੀ ਤਿਆਰੀਆਂ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ । ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਦਿੱਤਿਆ ਉੱਪਲ, ਐਸ. ਪੀ ਸ. ਮਨਵਿੰਦਰ ਬੀਰ ਸਿੰਘ ਤੇ ਐਸ. ਡੀ. ਐਮ ਨਵਾਂਸ਼ਹਿਰ ਸ. ਜਗਦੀਸ਼ ਸਿੰਘ ਜੌਹਲ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਕੋਵਿਡ ਦੇ ਮੱਦੇਨਜ਼ਰ ਆਜ਼ਾਦੀ ਦਿਹਾੜੇ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਜਾਰੀ ਹਦਾਇਤਾਂ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਣ ਵਾਲਾ ਜ਼ਿਲਾ ਪੱਧਰੀ ਸਮਾਗਮ ਸਥਾਨਕ ਸਰਕਾਰੀ ਆਈ. ਟੀ. ਆਈ ਗਰਾਊਂਡ ਵਿਖੇ ਸੰਖੇਪ ਰੂਪ ਵਿਚ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਸਮਾਗਮ ਦੌਰਾਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ।

ਉਨਾਂ ਦੱਸਿਆ ਕਿ ਜ਼ਿਲਾ ਪੱਧਰੀ ਸਮਾਗਮ ਮੌਕੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨਾਂ ਸਪੱਸ਼ਟ ਕੀਤਾ ਕਿ ਸਮਾਗਮ ਦੌਰਾਨ ਜ਼ਿਆਦਾ ਇਕੱਠ ਅਤੇ ਰੰਗਾਰੰਗ ਪ੍ਰੋਗਰਾਮ ਨਹੀਂ ਹੋਵੇਗਾ। ਇਸ ਦੌਰਾਨ ਉਨਾਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਟੇਜ ਦੀ ਸਜਾਵਟ, ਗਰਾਊਂਡ ਦੀ ਸਾਫ਼-ਸਫ਼ਾਈ, ਨਿਰਵਿਘਨ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਸਵਾਗਤੀ ਗੇਟ, ਪਬਲਿਕ ਐਡਰੈੱਸ ਸਿਸਟਮ, ਚੌਕਾਂ ਦੀ ਸਜਾਵਟ, ਰਿਫਰੈਸ਼ਮੈਂਟ, ਬੈਰੀਕੇਡਿੰਗ, ਸੁਰੱਖਿਆ ਪ੍ਰਬੰਧਾਂ, ਬੈਠਣ ਦੇ ਪ੍ਰਬੰਧਾਂ, ਸੁਚਾਰੂ ਆਵਾਜਾਈ ਆਦਿ ਲਈ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ। ਉਨਾਂ ਅਧਿਕਾਰੀਆਂ ਨੂੰ ਇਸ ਰਾਸ਼ਟਰੀ ਤਿਉਹਾਰ ਦੀ ਮਹੱਤਤਾ ਨੂੰ ਸਮਝਦਿਆਂ ਸੌਂਪੀਆਂ ਗਈਆਂ ਡਿਊਟੀਆਂ ਮਿਹਨਤ ਤੇ ਲਗਨ ਨਾਲ ਨਿਭਾਉਣ ਦੀ ਹਦਾਇਤ ਕੀਤੀ। ਉਨਾਂ ਇਹ ਵੀ ਕਿਹਾ ਕਿ ਸਮੁੱਚੇ ਸਮਾਗਮ ਦੌਰਾਨ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਦਿੱਤਿਆ ਉੱਪਲ, ਐਸ. ਪੀ ਸ. ਮਨਵਿੰਦਰ ਬੀਰ ਸਿੰਘ, ਸਹਾਇਕ ਕਮਿਸ਼ਨਰ ਦੀਪ ਜੋਤ ਕੌਰ, ਐਸ. ਡੀ. ਐਮ ਨਵਾਂਸ਼ਹਿਰ ਸ. ਜਗਦੀਸ਼ ਸਿੰਘ ਜੌਹਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Share This :

Leave a Reply