ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਕੈਲੀਫੋਰਨੀਆ ਸੂਬੇ ਵਿੱਚ ਹੁੰਦੇ ਸੜਕ ਹਾਦਸਿਆਂ ਵਿੱਚ ਸ਼ਨੀਵਾਰ ਦੀ ਸਵੇਰ ਇੱਕ ਹੋਰ ਹਾਦਸਾ ਸ਼ਾਮਿਲ ਹੋ ਗਿਆ ਹੈ। ਇਸ ਹਾਦਸੇ ਬਾਰੇ ਕੈਲੀਫੋਰਨੀਆ ਹਾਈਵੇਅ ਪੈਟ੍ਰੋਲ (ਸੀ ਐਚ ਪੀ) ਦੀ ਰਿਪੋਰਟ ਅਨੁਸਾਰ ਦੱਖਣੀ ਪੂਰਬੀ ਫਰਿਜ਼ਨੋ ਵਿੱਚ ਸ਼ਨੀਵਾਰ ਨੂੰ ਇੱਕ ਐਸ ਯੂ ਵੀ ਦੀ ਦਰੱਖਤ ਨਾਲ ਟੱਕਰ ਹੋਣ ਤੋਂ ਬਾਅਦ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੂੰ ਫਰਿਜ਼ਨੋ ਦੇ ਬਟਲਰ ਅਤੇ ਸਨੀਸਾਈਡ ਐਵੀਨਿਊ ਦੇ ਨੇੜੇ ਹੋਏ ਹਾਦਸੇ ਦੀ ਸੂਚਨਾ ਸਵੇਰੇ 9:30 ਤੋਂ ਪਹਿਲਾਂ ਪ੍ਰਾਪਤ ਹੋਈ। ਇਸ ਹਾਦਸੇ ਬਾਰੇ ਸੀ ਐਚ ਪੀ ਦੇ ਬੁਲਾਰੇ ਮਾਈਕ ਸਾਲਸ ਨੇ ਦੱਸਿਆ ਕਿ ਇੱਕ 60 ਸਾਲਾਂ ਆਦਮੀ ਸਨੀਸਾਈਡ ਦੇ ਪੱਛਮ ਵਿੱਚ ਬਟਲਰ ਐਵੇਨਿਊ ਦੇ ਪੱਛਮ ਵੱਲ ਇੱਕ ਫੋਰਡ ਐਜ ਕਾਰ ਤੇ ਜਾ ਰਿਹਾ ਸੀ, ਇਸੇ ਦੌਰਾਨ ਉਸਦੀ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਤੇ ਇੱਕ ਪਾਸੇ ਦੀ ਹੁੰਦੀ ਹੋਈ ਇੱਕ ਦਰੱਖਤ ਨਾਲ ਟਕਰਾ ਗਈ।
ਸਾਲਸ ਅਨੁਸਾਰ ਇਸ ਹਾਦਸੇ ਵਿੱਚ ਵਾਹਨ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੇ ਨਾਲ ਕਾਰ ਚਾਲਕ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਇਸ ਆਦਮੀ ਦਾ ਨਾਮ ਉਸਦੇ ਪਰਿਵਾਰ ਨੂੰ ਸੂਚਿਤ ਕਰਨ ਤੋਂ ਪਹਿਲਾਂ ਫਿਲਹਾਲ ਜਾਰੀ ਨਹੀਂ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਧਿਕਾਰੀ , ਡਰਾਈਵਰ ਵੱਲੋਂ ਕਾਰ ਦਾ ਨਿਯੰਤਰਣ ਗੁਆਉਣ ਤੋਂ ਪਹਿਲਾਂ ਕੋਈ ਸਿਹਤ ਸਮੱਸਿਆ ਦਾ ਸਾਹਮਣਾ ਕਰਨ ਦੀ ਸੰਭਾਵਨਾ ਨੂੰ ਵੀ ਧਿਆਨ ਵਿੱਚ ਰੱਖ ਰਹੇ ਹਨ। ਪੁਲਿਸ ਨੇ ਹਾਦਸੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਵਿਅਕਤੀ ਨੇ ਹਾਦਸੇ ਦੌਰਾਨ ਸੀਟ ਬੈਲਟ ਪਾਈ ਹੋਈ ਸੀ ਅਤੇ ਕਿਸੇ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਕਰਕੇ ਇਹ ਹਾਦਸਾ ਹੋਣ ਦਾ ਸ਼ੱਕ ਨਹੀ ਹੈ।