ਫਰਿਜ਼ਨੋ ,ਕੈਲੀਫੋਰਨੀਆਂ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਸੰਘਣੀ ਵਸੋਂ ਵਾਲੇ ਸੂਬੇ ਕੈਲੀਫੋਰਨੀਆਂ ਵਿੱਚ ਕੋਰੋਨਾਂ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਵਾਇਰਸ ਦੀ ਤੇਜ਼ ਗਤੀ ਨਾਲ ਫੈਲ ਰਹੀ ਲਾਗ ਨੇ ਕੋਰੋਨਾਂ ਟੀਕਾਕਰਨ ਪ੍ਰਕਿਰਿਆ ਦੇ ਬਾਵਜੂਦ ਸੂਬੇ ਵਿੱਚ ਵੱਡੀ ਗਿਣਤੀ ਨਾਲ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਇਸ ਫੈਲ ਰਹੀ ਲਾਗ ਨਾਲ ਕੈਲੀਫੋਰਨੀਆਂ ਸੋਮਵਾਰ ਨੂੰ 30 ਲੱਖ ਤੋਂ ਵੱਧ ਕੋਰੋਨਾਂ ਵਾਇਰਸ ਦੇ ਪੁਸ਼ਟੀ ਕੀਤੇ ਹੋਏ ਮਾਮਲਿਆਂ ਨੂੰ ਦਰਜ਼ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ।
ਜੋਨਸ ਹਾਪਕਿੰਨਜ਼ ਯੂਨੀਵਰਸਿਟੀ ਦੁਆਰਾ ਦਿੱਤੇ ਗਏ ਅੰਕੜਿਆਂ ਅਨੁਸਾਰ ਗਿਆ ਰਾਜ ਵਿੱਚ 24 ਦਸੰਬਰ ਤੱਕ 2 ਮਿਲੀਅਨ ਕੋਰੋਨਾਂ ਦੇ ਕੇਸ ਦਰਜ ਹੋਏ ਸਨ ਜਦਕਿ ਕੈਲੀਫੋਰਨੀਆਂ ਵਿੱਚ ਪਹਿਲੇ ਕੋਰੋਨਾਂ ਵਾਇਰਸ ਕੇਸ ਦੀ ਪਿਛਲੇ ਸਾਲ 25 ਜਨਵਰੀ ਨੂੰ ਪੁਸ਼ਟੀ ਕੀਤੀ ਗਈ ਸੀ ਅਤੇ 11 ਨਵੰਬਰ ਤੱਕ 10 ਲੱਖ ਲਾਗ ਦੇ ਮਾਮਲੇ ਹੋਣ ਲਈ 292 ਦਿਨ ਲੱਗੇ ਸਨ, ਜੋ ਕਿ 44 ਹੋਰ ਦਿਨਾਂ ਬਾਅਦ 20 ਲੱਖ ਹੋ ਗਏ ਸਨ। ਕੈਲੀਫੋਰਨੀਆਂ ਵਿੱਚ ਵਾਇਰਸ ਦੇ ਕੇਸਾਂ ਦੀ ਗਿਣਤੀ ਹੋਰ ਵੱਡੇ ਰਾਜਾਂ ਨਾਲੋਂ ਬਹੁਤ ਅੱਗੇ ਹੈ ,ਜਿਹੜੀ ਕਿ ਟੈਕਸਾਸ ਵਿੱਚ 20 ਲੱਖ ਅਤੇ ਫਲੋਰਿਡਾ ਵਿੱਚ 15 ਲੱਖ ਤੋਂ ਜ਼ਿਆਦਾ ਹੈ। ਕੈਲੀਫੋਰਨੀਆਂ ਰਾਜ ਵਿੱਚ ਪੁਸ਼ਟੀ ਕੀਤੇ ਹੋਏ ਮਾਮਲਿਆਂ ਦੇ ਨਾਲ ਕੋਵਿਡ -19 ਨਾਲ ਸਬੰਧਿਤ 33,600 ਤੋਂ ਵੱਧ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਇਸਦੇ ਇਲਾਵਾ ਕੈਲੀਫੋਰਨੀਆਂ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਤਕਰੀਬਨ 500 ਮੌਤਾਂ ਅਤੇ 40,000 ਨਵੇਂ ਕੇਸ ਦਰਜ਼ ਕੀਤੇ ਗਏ ਹਨ। ਸੂਬੇ ਵਿੱਚ ਹੋਏ ਕੇਸਾਂ ਦੇ ਵਾਧੇ ਕਾਰਨ ਹਸਪਤਾਲਾਂ ਅਤੇ ਖਾਸ ਤੌਰ ‘ਤੇ ਗੰਭੀਰ ਦੇਖਭਾਲ ਦੀਆਂ ਇਕਾਈਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਸਰਕਾਰ ਵੱਲੋਂ ਵਾਇਰਸ ਦੀ ਲਾਗ ਨੂੰ ਕਾਬੂ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ, ਜਿਸਦੇ ਤਹਿਤ ਟੀਕਾਕਰਨ ਨੂੰ ਤੇਜ਼ ਕਰਨ ਲਈ ਨਵੇਂ ਟੀਕਾਕਰਨ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ।