ਕੈਬਨਿਟ ਮੰਤਰੀ ਸੋਨੀ ਨੇ ਜਿਲੇ ਦੇ 75ਵੇਂ ਸਮਾਰਟ ਸਕੂਲ ਦਾ ਕੀਤਾ ਉਦਘਾਟਨ

ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੌਸ਼ਹਿਰਾ ਦਾ ਉਦਘਾਟਨ ਕਰਦੇ ਹੋਏ । ਨਾਲ ਹਨ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ

ਅੰਮ੍ਰਿਤਸਰ (ਮੀਡੀਆ ਬਿਊਰੋ) ਪੰਜਾਬ ਸਰਕਾਰ ਸਿਹਤ ਤੇ ਸਿਖਿਆ ਪ੍ਰਤੀ ਬੜੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸਰਕਾਰ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵਧੀਆ ਸਿਖਿਆ ਪ੍ਰਦਾਨ ਕਰਨਾ ਅਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਇਨਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੌਸ਼ਹਿਰਾ ਦਾ ਉਦਘਾਟਨ ਕਰਨ ਸਮੇਂ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ 9.5 ਲੱਖ ਰੁਪਏ ਦੀ ਲਾਗਤ ਨਾਲ ਇਸ ਸਕੂਲ ਨੂੰਸਮਾਰਟ ਸਕੂਲ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਸਕੂਲ ਵਿੱਚ ਇਕ ਐਜੂਕੇਸ਼ਨਲ ਪਾਰਕ ਵੀ ਸਥਾਪਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਆਜ਼ਾਦੀ 74ਵੀਂ ਵਰੇਗੰਢ ਮੌਕੇ ਜਿਲੇ ਵਿੱਚ 75ਵਾਂ ਸਮਾਰਟ ਸਕੂਲ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਅੱਜ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ ਅਤੇ ਇਸ ਸਾਲ ਵੀ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਨਾਲੋਂ ਬੇਹਤਰ ਆਏ ਹਨ।

ਸ੍ਰੀ ਸੋਨੀ ਨੇ ਅਧਿਆਪਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਧਿਆਪਕ ਬਹੁਤ ਹੀ ਮਿਹਨਤ ਕਰ ਰਹੇ ਹਨ ਅਤੇ ਇਸ ਮਹਾਂਮਾਰੀ ਦੌਰਾਨ ਅਧਿਆਪਕ ਆਨ ਲਾਈਨ ਕਲਾਸਾਂ ਲਗਾ ਕੇ ਬੱਚਿਆਂ ਨੂੰ ਸਿਖਿਆ ਮੁਹੱਈਆ ਕਰਵਾ ਰਹੇ ਹਨ। ਇਸ ਮੌਕੇ ਸ੍ਰੀ ਸੋਨੀ ਵੱਲੋਂ ਸਕੂਲ ਵਿੱਚ ਇਕ ਪੌਦਾ ਵੀ ਲਗਾਇਆ ਗਿਆ ਅਤੇ ਸਮਾਰਟ ਸਕੂਲ ਅਧੀਨ ਬਣਾਏ ਗਏ ਐਜੂਕੇਸ਼ਨਲ ਪਾਰਕ ਦਾ ਉਦਘਾਟਨ ਵੀ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਇਸ ਐਜੂਕੇਸ਼ਨਲ ਪਾਰਕ ਰਾਹੀਂ ਬੱਚੇ ਬਹੁਤ ਕੁਝ ਸਿੱਖ ਸਕਦੇ ਹਨ। ਉਨਾਂ ਦੱਸਿਆ ਕਿ ਇਸ ਪਾਰਕ ਵਿੱਚ ਹਰ ਤਰਾਂ ਦੇ ਬੱਚਿਆਂ ਲਈ ਵੱਖ ਵੱਖ ਤਰਾਂ ਦੇ ਡਰਾਇੰਗ, ਬੋਰਡ ਆਦਿ ਬਣਾਏ ਗਏ ਹਨ ਜਿਸ ਰਾਹੀਂ ਆਪਣੇ ਅੰਦਰ ਛੁਪੇ ਹੁਨਰ ਦਾ ਪ੍ਰਗਟਾਵਾ ਕਰ ਸਕਦੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਖਿਆ ਨੂੰ ਕੋਈ ਮਹੱਤਵ ਨਹੀਂ ਸੀ ਦਿੱਤਾ ਗਿਆ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਿਖਿਆ ਦਾ ਪੱਧਰ ਕਾਫੀ ਉਚਾ ਚੁੱਕਿਆ ਗਿਆ ਹੈ ਜਿਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਨ ਨੂੰ ਪਹਿਲ ਦੇ ਰਹੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਨੇ ਉਨਾਂ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਹੈ ਜਿੰਨਾਂ ਨੇ ਸਿਖਿਆ ਦੇ ਪੱਧਰ ਉੋਚਾ ਚੁੱਕਣ ਵਿੱਚ ਕਾਫੀ ਮਿਹਨਤ ਕੀਤੀ ਹੈ। ਇਸ ਮੌਕੇ ਸ੍ਰੀ ਸੋਨੀ ਵੱਲੋਂ ਸਕੂਲ ਦੀ +2 ਟਾਪਰ ਵਿਦਿਆਰਥਣ ਹਰਮਨਦੀਪ ਸ਼ਰਮਾ ਅਤੇ ਰਮਨਦੀਪ ਕੌਰ ਅਤੇ 10ਵੀਂ ਏ ਵਿੱਚ + ਏ ਗਰੇਡ ਲੈਣ ਵਾਲੇ ਸਤਿਅਮ ਕੁਮਾਰ ਨੂੰ ਵੀ ਸਨਮਾਨਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਐਸ:ਡੀ:ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰ ਸਤਿੰਦਰਬੀਰ ਸਿੰਘ, ਉਪ ਜਿਲਾ ਸਿਖਿਆ ਅਫਸਰ ਸ੍ਰੀ ਰਾਜੇਸ਼ ਸ਼ਰਮਾ, ਸਕੂਲ ਦੀ ਪ੍ਰਿੰਸੀਪਲ ਕੁਲਜੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਹਰੀਦੇਵ ਸ਼ਰਮਾ, ਲੈਕਚਰਾਰ ਦੀਪਕ ਸ਼ਰਮਾ, ਸ੍ਰੀ ਸੌਰਭਦੀਪ ਅਤੇ ਸਕੂਲ ਦਾ ਸਟਾਫ ਵੀ ਹਾਜ਼ਰ ਸੀ।

Share This :

Leave a Reply