ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਬਰਾਡਵੇਅ ਅਦਾਕਾਰ ਨਿੱਕ ਕਾਰਡੇਰੋ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਿਆ ਤੇ ਉਸ ਦੀ ਲੰਘੇ ਦਿਨ ਮੌਤ ਹੋ ਗਈ। 41 ਸਾਲਾ ਅਦਾਕਾਰ ਦੇ ਵਿਸ਼ਵ ਭਰ ਵਿਚ ਪ੍ਰਸੰਸਕ ਹਨ। ਅਮਾਂਡਾ ਕਲੂਟਸ ਨੇ ਇੰਸਟਗਰਾਮ ‘ਤੇ ਆਪਣੇ ਪਤੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ” ਸਵਰਗ ਵਿਚ ਪ੍ਰਮਾਤਮਾ ਕੋਲ ਇਕ ਹੋਰ ਫਰਿਸ਼ਤਾ ਚਲਾ ਗਿਆ ਹੈ।” ਕਲੂਟਸ ਨੇ ਲਿਖਿਆ ਹੈ ਕਿ ਉਸ ਦਾ ਪਤੀ ਪਰਿਵਾਰ ਦੇ ਪਿਆਰ ਵਿਚ ਰੰਗਿਆ ਹੋਇਆ ਸੀ ਉਸ ਨੇ ਧਰਤੀ ਨੂੰ ਬਹੁਤ ਹੀ ਸਹਿਜ ਤਰੀਕੇ ਨਾਲ ਅਲਵਿਦਾ ਕਹੀ ਹੈ। 38 ਸਾਲਾ ਅਮਾਂਡਾ ਨੇ ਹੋਰ ਕਿਹਾ ਹੈ ”ਮੇਰਾ ਦਿੱਲ ਟੁੱਟ ਗਿਆ ਹੈ, ਮੈ ਉਸ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੀ।
ਨਿੱਕ ਸਾਡੇ ਜੀਵਨ ਦੀ ਰੌਸ਼ਨੀ ਸੀ।” ਨਿੱਕ ਨੂੰ ਮਾਰਚ ਦੇ ਆਖੀਰ ਵਿਚ ਲਾਸ ਏਂਜਲਸ ਦੇ ਸੇਡਾਰਜ- ਸਿਨਾਈ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਸੀ। ਸ਼ੁਰੂ ਵਿਚ ਸਮਝਿਆ ਗਿਆ ਸੀ ਕਿ ਉਸ ਨੂੰ ਨਿਮੋਨੀਆ ਹੈ। ਉਸ ਦਾ ਪਹਿਲਾ ਟੈਸਟ ਨੈਗਟਿਵ ਆਇਆ ਸੀ ਪਰ ਇਸ ਤੋਂ ਬਾਅਦ ਹੋਏ ਉਸ ਦੇ ਟੈਸਟ ਪਾਜ਼ਟਿਵ ਆਏ ਸਨ। ਨਿੱਕ ਨੇ 3 ਮਹੀਨੇ ਤੋਂ ਵਧ ਸਮਾ ਜਿੰਦਗੀ ਲਈ ਜਦੋਜਹਿਦ ਕੀਤੀ ਪਰ ਆਖਰਕਾਰ ਕੋਰੋਨਾਵਾਇਰਸ ਨੇ ਇਸ ਜਿੰਦਾ ਦਿੱਲ ਅਦਾਕਾਰ ਦੀ ਜਾਨ ਲੈ ਕੇ ਹੀ ਦਮ ਲਿਆ। ਕੈਨੇਡਾ ਵਿਚ ਪੈਦਾ ਹੋਏ ਨਿੱਕ ਨੂੰ 2014 ਵਿਚ ‘ਬੁਲਿਟਸ ਓਵਰ ਬਰਾਡਵੇਅ’ ਵਿਚ ਨਿਭਾਈ ਭੂਮਿਕਾ ਲਈ ਟੋਨੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਸ ਨੇ ‘ ਰੌਕ ਆਫ ਏਜਜ਼’, ‘ਵੇਟਰੈਸ’ ਤੇ ‘ ਏ ਬਰਾਂਕਸੀ ਟੇਲ’ ਵਿਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ।