ਅੰਮ੍ਰਿਤਸਰ ਜਿਲ੍ਹੇ ਵਿਚ 2 ਸਤੰਬਰ ਤੋਂ ਲਗਾਏ ਜਾਣਗੇ ਬਲਾਕ ਪੱਧਰੀ ਰੋਜ਼ਗਾਰ ਮੇਲੇ-ਵਧੀਕ ਡਿਪਟੀ ਕਮਿਸ਼ਨਰ ਮੂਧਲ

ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਅੰਮ੍ਰਿਤਸਰ (ਮੀਡੀਆ ਬਿਊਰੋ) ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਮੁਹਿੰਮ ਤਹਿਤ ਸਤੰਬਰ ਮਹੀਨੇ ਜਿਲ੍ਹਾ ਅੰਮਿ੍ਰਤਸਰ ਵਿਚ ਬਲਾਕ ਪੱਧਰ ਉਤੇ ਰੋਜ਼ਗਾਰ ਮੇਲੇ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਸਾਡੇ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਇੰਨਾਂ ਮੇਲਿਆਂ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਵਾਰ ਰੋਜ਼ਗਾਰ ਦੇ ਨਾਲ-ਨਾਲ ਆਉਣ ਵਾਲੇ ਉਮੀਦਵਾਰਾਂ ਦੀ ਸਿਹਤ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਜੋ ਕੋਵਿਡ ਦੇ ਫੈਲਾਅ ਤੋਂ ਬਚਿਆ ਜਾ ਸਕੇ। ਉਨਾਂ ਦੱਸਿਆ ਕਿ ਇਹ ਮੇਲੇ 2 ਸਤੰਬਰ ਤੋਂ 14 ਸਤੰਬਰ ਤੱਕ ਲਗਾਏ ਜਾ ਰਹੇ ਹਨ, ਜਿਸ ਵਿਚ 2 ਨੂੰ ਰਈਆ, 3 ਨੂੰ ਤਰਸਿੱਕਾ, 4 ਨੂੰ ਹਰਸ਼ਾ ਛੀਨਾ, 7 ਨੂੰ ਅਜਨਾਲਾ, 8 ਨੂੰ ਚੋਗਾਵਾਂ, 9 ਨੂੰ ਅਟਾਰੀ, 10 ਨੂੰ ਜੰਡਿਆਲਾ ਗੁਰੂ, 11 ਨੂੰ ਵੇਰਕਾ ਅਤੇ 14 ਨੂੰ ਮਜੀਠਾ ਵਿਖੇ ਰੋਜ਼ਗਾਰ ਮੇਲੇ ਲਗਾਏ ਜਾਣਗੇ।

ਉਨਾਂ ਦੱਸਿਆ ਕਿ ਇਹ ਮੇਲੇ ਬੀ. ਡੀ. ਪੀ. ਓ ਦਫਤਰਾਂ ਵਿਚ ਲਗਾਏ ਜਾਣਗੇ ਅਤੇ ਮੇਲਿਆਂ ਵਿਚ ਨਾਮੀ ਕੰਪਨੀਆਂ ਜਿਵੇਂ ਕਿ ਐਸ. ਬੀ. ਆਈ. ਲਾਈਫ, ਪੁਖਰਾਜ, ਐਲ. ਆਈ. ਸੀ, ਅਜਾਇਲ ਹਰਬਲ ਅਤੇ ਐਸ. ਆਈ. ਐਸ ਸਕਿਉਰਟੀ ਭਾਗ ਲੈਣਗੀਆਂ। ਉਨਾਂ ਦੱਸਿਆ ਕਿ ਕੰਪਨੀਆਂ ਵੱਲੋਂ ਰੋਜ਼ਗਾਰ ਮੇਲੇ ਦੇ ਦਿਨ ਮੌਕੇ ਉਤੇ ਹੀ ਇੰਟਰਵਿਊ ਕਰਕੇ ਚੋਣ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲਿਆਂ ਵਿਚ ਕੰਪਨੀਆਂ ਵੱਲੋਂ ਨੌਜਵਾਨਾਂ ਨੂੰ ਅਸਾਮੀਆਂ ਅਤੇ ਕੰਮ ਦੇ ਅਧਾਰ ਉਤੇ 10 ਹਜ਼ਾਰ ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਪ੍ਰਾਪਤ ਕਰਨ ਲਈ ਇੰਨਾਂ ਮੇਲਿਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਇਸ ਸੁਨਿਹਰੀ ਮੌਕੇ ਨੂੰ ਹੱਥੋਂ ਨਾ ਜਾਣ ਦੇਣ। ਉਨਾਂ ਇਹ ਵੀ ਅਪੀਲ ਕੀਤੀ ਕਿ ਮੇਲੇ ਵਿਚ ਆਉਣ ਵਾਲੇ ਸਾਰੇ ਉਮੀਦਵਾਰ, ਸਟਾਫ ਅਤੇ ਕੰਪਨੀਆਂ ਦੇ ਪ੍ਰਤੀਨਿਧੀ ਕੋਵਿਡ-19 ਸਬੰਧੀ ਸਾਵਧਾਨੀਆਂ ਦਾ ਪਾਲਣ ਕਰਨਾ ਵੀ ਯਕੀਨੀ ਬਨਾਉਣ ਤਾਂ ਜੋ ਅਸi ਸਾਰੇ ਕੋਵਿਡ ਦੇ ਵਾਇਰਸ ਤੋਂ ਬਚੇ ਰਹਿ ਸਕੀਏ।

Share This :

Leave a Reply