ਬਾਈਡੇਨ ਪ੍ਰਸ਼ਾਸਨ ਰਾਜਾਂ ਨੂੰ ਕੋਰੋਨਾਂ ਟੀਕਿਆਂ ਦੀ ਸਪਲਾਈ ਵਿੱਚ ਕਰੇਗਾ ਵਾਧਾ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇਸ਼ ਵਿੱਚ ਕੋਰੋਨਾਂ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਹਰ ਸੰਭਵ ਯਤਨ ਕਰ ਰਹੇ ਹਨ। ਇਸ ਸੰਬੰਧੀ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਈਡੇਨ ਪ੍ਰਸ਼ਾਸਨ ਅਗਲੇ ਹਫਤੇ ਰਾਜਾਂ ਅਤੇ ਪ੍ਰਦੇਸ਼ਾਂ ਨੂੰ ਕੋਵਿਡ -19 ਟੀਕਿਆਂ ਦੀ ਸਪਤਾਹਿਕ ਸਪਲਾਈ ਨੂੰ 16% ਤੱਕ ਵਧਾ ਰਿਹਾ ਹੈ ਅਤੇ ਰਾਜਪਾਲਾਂ ਨੂੰ ਇਸ ਲਈ ਨੋਟਿਸ ਦੇਣ ਦੀ ਯੋਜਨਾ ਵੀ ਬਣਾ ਰਿਹਾ ਹੈ। ਇਸ ਨਵੀਂ ਸਪਲਾਈ ਯੋਜਨਾ ਤਹਿਤ ਰਾਜਾਂ, ਪ੍ਰਦੇਸ਼ਾਂ ਅਤੇ ਅਮਰੀਕੀ ਕਬੀਲਿਆਂ ਨੂੰ ਟੀਕੇ ਦੀ ਸਪਲਾਈ ਅਗਲੇ ਹਫਤੇ 10 ਮਿਲੀਅਨ ਖੁਰਾਕਾਂ ਤੱਕ ਵਧਾਈ ਜਾਵੇਗੀ, ਜੋ ਕਿ 8.6 ਮਿਲੀਅਨ ਤੋਂ ਵੱਧ ਕੇ ਅਗਲੇ ਤਿੰਨ ਹਫ਼ਤਿਆਂ ਤੱਕ ਇਸ ਦਰ ਤੇ ਜਾਰੀ ਰਹੇਗੀ।

ਇਸਦੇ ਇਲਾਵਾ ਬਾਈਡੇਨ ਸਰਕਾਰ ਕੋਵਿਡ -19 ਟੀਕਿਆਂ ਦੀਆਂ 200 ਮਿਲੀਅਨ ਖੁਰਾਕਾਂ ਖਰੀਦਣ ਦੀ ਯੋਜਨਾ ਬਣਾ ਰਹੀ ਹੈ , ਜਿਹਨਾਂ ਵਿੱਚ ਫਾਈਜ਼ਰ ਦੀਆਂ 100 ਅਤੇ ਮੋਡਰਨਾ ਟੀਕਿਆਂ ਦੀਆਂ 100 ਮਿਲੀਅਨ ਖੁਰਾਕਾਂ ਸ਼ਾਮਿਲ ਹਨ। ਜਦਕਿ ਪ੍ਰਸ਼ਾਸਨ ਅਗਲੇ ਹਫਤੇ ਮੋਡਰਨਾ ਟੀਕੇ ਦੀਆਂ 5.7 ਮਿਲੀਅਨ ਅਤੇ ਫਾਈਜ਼ਰ ਟੀਕੇ ਦੀਆਂ 4.3 ਮਿਲੀਅਨ ਖੁਰਾਕਾਂ ਭੇਜ ਰਿਹਾ ਹੈ। ਕੋਰੋਨਾਂ ਟੀਕਿਆਂ ਦੀ ਇਸ ਖਰੀਦ ਨਾਲ ਦੇਸ਼ ਵਿੱਚ ਟੀਕਿਆਂ ਦੇ ਆਰਡਰ ਦਾ ਕੁੱਲ ਸਟਾਕ ਮੌਜੂਦਾ 400 ਮਿਲੀਅਨ ਖੁਰਾਕਾਂ ਤੋਂ ਵਧ ਕੇ 600 ਮਿਲੀਅਨ ਖੁਰਾਕਾਂ ਤੱਕ ਪਹੁੰਚ ਜਾਵੇਗਾ, ਜਿਸ ਨਾਲ 300 ਮਿਲੀਅਨ ਅਮਰੀਕੀਆਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ।

Share This :

Leave a Reply