ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਦੁਆਬੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੰਗਾ ਸ਼ਹਿਰ ਦੀ ਧਾਰਮਿਕ ਹਸਤੀ ਜਥੇਦਾਰ ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਸਾਬਕਾ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਪੁੱਤਰ ਜਰਨੈਲ ਸਿੰਘ ਭੌਰ ਨੂੰ ਸੂਬਾ ਪੱਛਮੀ ਆਸਟਰੇਲੀਆ ਦੇ ਗਵਰਨਰ ਵੱਲੋਂ ਸੂਬੇ ਦਾ ਜਸਟਿਸ ਆਫ਼ ਪੀਸ ਨਿਯੁਕਤ ਕੀਤਾ ਗਿਆ ਹੈ। ਜਰਨੈਲ ਸਿੰਘ ਨੇ ਆਸਟਰੇਲੀਆ ਵਿਚ ਸਮਾਜਿਕ ਕਾਰਜਾਂ ਲਈ ਏਲਨ ਬਰੁੱਕ ਪੰਜਾਬੀ ਕੌਂਸਲ ਨਾਮੀ ਸੰਸਥਾ ਦੀ ਸਥਾਪਨਾ ਕੀਤੀ ਸੀ।
ਉਹ ਪਿਛਲੇ ਲੰਮੇ ਸਮੇਂ ਤੋਂ ਆਸਟਰੇਲੀਆ ਦੇ ਪਰਥ ਸ਼ਹਿਰ ਵਿਚ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਸੇਵਾ ਵੀ ਨਿਭਾ ਰਹੇ ਹਨ । ਉਨ੍ਹਾਂ ਦੀਆਂ ਅਸਟ੍ਰੇਲੀਆ ਦੇ ਸਥਾਨਕ ਭਾਈਚਾਰੇ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਹਲਕਾ ਸਵੈਨਹਿੱਲ ਤੋ ਵਿਧਾਇਕਾ ਜੈਸਿਕਾ ਸਾਅ ਨੇ ਇਸ ਅਹੁਦੇ ਲਈ ਉਨ੍ਹਾਂ ਦਾ ਨਾਮ ਪੇਸ਼ ਕੀਤਾ। ਜਰਨੈਲ ਸਿੰਘ ਭੌਰ ਨੇ ਇਸ ਨਿਯੁਕਤੀ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਉਹ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ।