ਬੰਗਾ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਆਰੰਭੇ ਗਏ ਮਿਸ਼ਨ ਫ਼ਤਿਹ ਤਹਿਤ ਐਸ ਐਸ ਪੀ ਅਲਕਾ ਮੀਨਾ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਇਸ ਸਬੰਧੀ ਗਤੀਵਿਧੀਆਂ ਕਰਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਬੰਗਾ ਵਿਖੇ ਐਸ. ਐਚ. ਓ. ਹਰਪ੍ਰੀਤ ਸਿੰਘ ਦੀ ਅਗਵਾਈ ’ਚ ਜਾਗਰੂਕਤਾ ਕੀਤੀ ਗਈ।
ਪੁਲਿਸ ਵੱਲੋਂ ਇਸ ਮੌਕੇ ਜਿੱਥੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੱਸਿਆ ਗਿਆ ਉੱਥੇ ਮਿਸ਼ਨ ਫ਼ਤਿਹ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਸ਼ਨ ਫ਼ਤਿਹ ਪੰਜਾਬ ਦੇ ਲੋਕਾਂ ਨਾਲ ਰਲ ਕੇ, ਮੁਸ਼ਕਿਲ ਭਰੀ ਸਥਿਤੀ ’ਚ ਮਹਾਂਮਾਰੀ ਨੂੰ ਹਰਾਉਣ ਦੀ ਸਾਂਝੀ ਕੋਸ਼ਿਸ਼ ਹੈ। ਇਹ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਲਈ ਮਿਸ਼ਨ ਹੈ। ਐਸ. ਐਚ. ਓ. ਹਰਪ੍ਰੀਤ ਸਿੰਘ ਅਨੁਸਾਰ ਲੋਕ ਇਸ ਮਿਸ਼ਨ ’ਚ ਮਾਸਕ ਪਹਿਨ ਕੇ, ਹੱਥਾਂ ਨੂੰ ਧੋ ਕੇ, ਸਮਾਜਿਕ ਫ਼ਾਸਲਾ ਬਣਾ ਕੇ, ਬਜ਼ੁਰਗਾਂ ਦਾ ਖਿਆਲ ਰੱਖ ਕੇ, ਨੇੜੇ-ਤੇੜੇ ਬਾਹਰ ਤੋਂ ਆਏ ਵਿਅਕਤੀ ਪ੍ਰਤੀ ਚੇਤੰਨ ਰਹਿ ਕੇ, ਕੋਵਾ ਐਪ (ਸਮਾਰਟ ਫ਼ੋਨਾਂ ਰਾਹੀਂ) ਡਾਊਨਲੋਡ ਕਰਕੇ ਅਤੇ ਉਸ ਨੂੰ ਹਰ ਵੇਲੇ ਐਕਟਿਵ ਰੱਖ ਕੇ, ਘਰ ’ਚ ਇਕਾਂਤਵਾਸ ਪੂਰਾ ਕਰਕੇ (ਜੇ ਅਜਿਹਾ ਕਰਨ ਲਈ ਕਿਹਾ ਗਿਆ ਹੈ), ਫ਼ਲੂ ਦੇ ਲੱਛਣ ਆਉਣ ’ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾ ਕੇ, ਲਾਕਡਾਊਨ 5.0 ਦੀਆਂ ਪਾਬੰਦੀਆਂ ਦੀ ਪਾਲਣਾ ਕਰਕੇ ਅਤੇ ਇਸ ਗੱਲ ਨੂੰ ਮੰਨ ਕੇ ਕਿ ਬਿਮਾਰੀ ਦਾ ਹਮਲਾ ਖਤਮ ਨਹੀਂ ਹੋਇਆ ਸਗੋਂ ਸਥਿਤੀ ਸੰਭਲ ਕੇ ਚੱਲਣ ਵਾਲੀ ਬਣ ਗਈ ਹੈ, ਆਦਿ ਸਾਵਧਾਨੀਆਂ ਦਾ ਪਾਲਣ ਕਰਕੇ ਆਪਣਾ ਯੋਗਦਾਨ ਦੇਣ। ਉਨ੍ਹਾਂ ਆਖਿਆ ਕਿ ਕੋਵਿਡ ਨੂੰ ਮਾਤ ਦੇਣ ਲਈ ਸਾਨੂੰ ਸਾਵਧਾਨੀਆਂ ਨੂੰ ਅਪਨਾਉਣਾ ਪਵੇਗਾ ਤਾਂ ਹੀ ਅਸੀਂ ਇਸ ’ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।