ਪੰਜਾਬੀ ਸਿੱਖਣ ਲਈ ਬੱਚਿਆਂ ‘ਚ ਖਾਸਾ ਉਤਸ਼ਾਹ
ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਨੇ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਪੰਜਾਬੀ ਪੜ੍ਹਾਉਣ ਦਾ ਬੀੜਾ ਚੁੱਕਿਆ ਹੈ। ਸੰਸਥਾ ਦੇ ਮੀਤ ਪ੍ਰਧਾਨ ਅਤੇ ਕਵੀ ਸੁਰਜੀਤ ਸੰਧੂ ਨੇ ਸਭਾ ਦੇ ਫੈਸਲੇ ਉਪਰ ਫੁੱਲ ਚੜ੍ਹਾਉਂਦਿਆਂ, ਇਹ ਸਵੀਕਾਰ ਕੀਤਾ ਹੈ ਕਿ ਉਹ ਬ੍ਰਿਸਬੇਨ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਕਲਾਸਾਂ ਦਾ ਪ੍ਰਬੰਧ ਕਰਨਗੇ। ਉਹਨਾਂ ਇਸ ਉਸਾਰੂ ਕਾਰਜ ਦੀ ਅਰੰਭਣਾ ਇੱਕ ਸੰਪੂਰਣ ਜਮਾਤ ਦੇ ਰੂਪ ਵਿੱਚ ਬੱਚਿਆਂ ਨੂੰ ਇੱਕ ਘੰਟੇ ਤੱਕ ਕਲਾਸ ਲਗਾ ਕੇ ਕੀਤੀ ਜਿਸ ਵਿੱਚ ਉਹਨਾਂ ਬੱਚਿਆਂ ਨੂੰ ਪੰਜਾਬੀ ਵਲਣਮਾਲਾ ਦੇ ਮੁਢਲੇ ਅੱਖਰਾਂ ਦੀ ਜਾਣਕਾਰੀ ਦਿੱਤੀ ਤੇ ਪੰਜਾਬੀ ਬੋਲਣ ਦਾ ਅਭਿਆਸ ਵੀ ਕਰਵਾਇਆ ਗਿਆ।
ਇਸ ਮੌਕੇ ਹਾਜਰ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਸਿੱਖਣ ਲਈ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਮਾਪਿਆਂ ਵਿੱਚ ਵੀ ਖੁਸ਼ੀ ਦੀ ਲਹਿਰ ਵੇਖੀ ਗਈ। ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਦੇ ਬੁਲਾਰੇ ਵਰਿੰਦਰ ਅਲੀਸ਼ੇਰ ਨੇ ਕਿਹਾ ਕਿ ਅਸੀਂ ਸੁਰਜੀਤ ਸੰਧੂ ਦੀ ਇਸ ਸੇਵਾ ਤੋਂ ਪ੍ਰਭਾਵਿਤ ਹਾਂ ਤੇ ਸਭਾ ਇਸ ਤਰ੍ਹਾਂ ਦੇ ਜ਼ਮੀਨੀ ਕੰਮਾਂ ਨੂੰ ਕਰਨ ਲਈ ਸਦਾ ਤਤਪਰ ਰਹੇਗੀ। ਇਸ ਮੌਕੇ ਸੰਸਥਾ ਪ੍ਰਧਾਨ ਜਸਵੰਤ ਵਾਗਲਾ ਇਸ ਪੰਜਾਬੀ ਸਕੂਲ ਦੀ ਸ਼ੁਰੂਆਤ ਲਈ ਉਦਘਾਟਨ ਕਰਨ ਪਹੁੰਚੇ। ਮੀਤ ਸਕੱਤਰ ਹਰਜੀਤ ਕੌਰ ਸੰਧੂ ਅਤੇ ਹਰਮਨਦੀਪ ਗਿੱਲ ਨੇ ਸਭਾ ਦੁਆਰਾ ਉਲੀਕੇ ਕੰਮਾਂ ਨੂੰ ਭਵਿੱਖ ਵਿੱਚ ਹਕੀਕੀ ਰੂਪ ਦੇਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਇਹ ਸਭਾ ਪੰਜਾਬੀ ਬੋਲੀ ਦੀ ਸੇਵਾ ਲਈ ਬਣਾਈ ਗਈ ਹੈ ਤੇ ਇਸ ਨੂੰ ਸੋਸ਼ਲ ਮੀਡੀਆ ਦੀ ਫੋਕੀ ਟੌਹਰ ਤੱਕ ਸੀਮਤ ਨਾ ਰੱਖਦਿਆਂ ਜ਼ਮੀਨੀ ਪੱਧਰ ‘ਤੇ ਕੰਮ ਨੂੰ ਪਹਿਲ ਦਿੱਤੀ ਜਾਵੇਗੀ।






















