ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰੇ ਲਈ ਬਚਨਬੱਧਤਾ
ਬ੍ਰਿਸਬੇਨ (ਹਰਜੀਤ ਲਸਾੜਾ) ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਅਤੇ ਸਾਹਿਤ ਦੇ ਪਸਾਰੇ ਦੀ ਭਵਿੱਖੀ ਜਰੂਰਤ ਦੇ ਮੱਦੇਨਜ਼ਰ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਸਮੂਹ ਲਿਖਾਰੀਆਂ ਅਤੇ ਪਾਠਕਾਂ ਦੀ ਸਾਂਝੀ ਪਹਿਲਕਦਮੀ ਤਹਿਤ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ (ਬ੍ਰਿਸਬੇਨ ) ਦਾ ਗਠਨ ਕੀਤਾ ਗਿਆ ਹੈ। ਪੰਜ ਮੈਂਬਰੀ ਕਾਰਜਕਾਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਮੀਡੀਆ ਨੂੰ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਉਦੇਸ਼ ਵਿਦੇਸ਼ਾਂ ‘ਚ ਰਹਿੰਦੀ ਹਰ ਵਰਗ ਦੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਨਾਲ ਜੋੜਨਾ ਹੋਵੇਗਾ ਅਤੇ ਉੱਭਰਦੇ ਲੇਖਕਾਂ ਨੂੰ ਇਕ ਗਤੀਸ਼ੀਲ ਮੰਚ ਪ੍ਰਦਾਨ ਕੀਤਾ ਜਾ ਸਕੇ।
ਇਸ ਪਲੇਠੀ ਕਾਰਜਕਾਰੀ ਕਮੇਟੀ ਵਿੱਚ ਜਸਵੰਤ ਵਾਗਲਾ (ਪ੍ਰਧਾਨ), ਸੁਰਜੀਤ ਸੰਧੂ (ਮੀਤ ਪ੍ਰਧਾਨ), ਹਰਮਨਦੀਪ ਗਿੱਲ (ਜਨਰਲ ਸਕੱਤਰ), ਹਰਜੀਤ ਕੌਰ ਸੰਧੂ (ਮੀਤ-ਜਨਰਲ ਸਕੱਤਰ) ਵਰਿੰਦਰ ਅਲੀਸ਼ੇਰ (ਖਜਾਨਚੀ ਅਤੇ ਸਪੋਕਸਮੈਨ) ਨਿਯੁਕਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਕਾਰਜਕਾਰੀ ਕਮੇਟੀ ਤੋਂ ਇਲਾਵਾ ਪੰਜਾਬੀ ਸਾਹਿਤ ਨਾਲ ਜੁੜੇ ਲੇਖਕਾਂ ਅਤੇ ਪਾਠਕਾਂ ਨੂੰ ਬਤੌਰ ਮੈਂਬਰ ਸਭਾ ਦੇ ਨਾਲ ਜੋੜਿਆ ਗਿਆ ਹੈ। ਜਿਹਨਾਂ ‘ਚ ਅਮਨ ਭੰਗੂ, ਅਮਨਦੀਪ ਗਿੱਲ, ਸੁਖਜਿੰਦਰ ਮੋਰੋੰ, ਮੰਜੂ ਵਰਮਾ, ਹਰਦੀਪ ਵਾਗਲਾ, ਜਸਵਿੰਦਰ ਮਠਾੜੂ, ਗੁਰਮੁਖਜੀਤ, ਮਨ ਖਹਿਰਾ, ਸਤਵੰਤ ਨਾਹਲ, ਬਲਵਿੰਦਰ ਮੋਰੋਂ ਸ਼ਾਮਿਲ ਹਨ। ਕਾਰਜਗਾਰੀ ਕਮੇਟੀ ਵੱਲੋਂ ਸੰਸਥਾ ਪਲੇਠਾ ਸਾਹਿਤਕ ਸਮਾਗਮ ਜਲਦ ਉਲੀਕਿਆ ਜਾ ਰਿਹਾ ਹੈ। ਸਮੁੱਚੇ ਆਸਟ੍ਰੇਲੀਆ ‘ਚ ਸੰਸਥਾ ਦੀ ਪੰਜਾਬੀਅਤ ਬਾਬਤ ਇਸ ਉਸਾਰੂ ਪਹਿਲਕਦਮੀ ਦੀ ਸ਼ਲਾਘਾ ਹੋ ਰਹੀ ਹੈ।






















