ਆਸਟ੍ਰੇਲੀਆ : ਜੌਬਕੀਪਰ ਅਤੇ ਜੌਬਸੀਕਰ ਅਦਾਇਗੀਆਂ ‘ਚ ਸ਼ਰਤਾਂ ਨਾਲ ਕਟੌਤੀ

ਫੈਸਲੇ ਬਾਬਤ ਸਿਆਸੀ ਧਿਰਾਂ ‘ਚ ਮੱਤਭੇਦ

ਬੇਰੁਜ਼ਗਾਰੀ ਦੀ ਦਰ 7.4 ਪ੍ਰਤੀਸ਼ਤ ਤੱਕ ਅੱਪੜੀ

ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲਿਆਈ ਸੰਘੀ ਸਰਕਾਰ ਨੇ ਕਰੋਨਾ ਮਹਾਂਮਾਰੀ ਦੌਰਾਨ ਵਿੱਤੀ ਸਹਾਇਤਾ ਲਈ ਜੌਬਕੀਪਰ ਅਤੇ ਜੌਬਸੀਕਰ ਅਦਾਇਗੀਆਂ ‘ਚ ਸ਼ਰਤਾਂ ਨਾਲ ਵਾਧਾ ਅਤੇ ਦਰਾਂ ‘ਚ ਕਟੌਤੀ ਕੀਤੀ ਹੈ। ਹੁਣ ਜੌਬਕੀਪਰ ਸਬਸਿਡੀ ਅਗਲੇ ਸਾਲ ਮਾਰਚ ਤੱਕ ਜਾਰੀ ਰਹੇਗੀ, ਪਰ ਅਦਾਇਗੀ ਸਤੰਬਰ ਮਹੀਨੇ ਤੋਂ ਬਾਅਦ ਪੰਦਰਵਾੜੇ (ਦੋ ਹਫ਼ਤੇ) 1,200 ਡਾਲਰ ‘ਤੇ ਆ ਜਾਵੇਗੀ। ਇੱਕ ਹਫਤੇ ਵਿੱਚ 20 ਘੰਟੇ ਤੋਂ ਘੱਟ ਕੰਮ ਕਰਨ ਵਾਲੇ ਲੋਕਾਂ ਨੂੰ 750 ਡਾਲਰ ਪ੍ਰਾਪਤ ਹੋਣਗੇ। ਸਾਲ 2021 ਦੇ ਪਹਿਲੇ ਤਿੰਨ ਮਹੀਨਿਆਂ ਲਈ ਕ੍ਰਮਵਾਰ 1000 ਡਾਲਰ ਅਤੇ ਇੱਕ ਪੰਦਰਵਾੜੇ ਲਈ 650 ਡਾਲਰ ਸਹਾਇਤਾ ਮਿਲੇਗੀ। ਭੁਗਤਾਨਾਂ ਵਿਚ ਕਟੌਤੀ ਕਰਦਿਆਂ ਜੌਬਸੀਕਰ ਪੂਰਕ (ਸਪਲੀਮੈਂਟ) ਹੋਰ ਤਿੰਨ ਮਹੀਨਿਆਂ ਲਈ ਜਾਰੀ ਤਾਂ ਰਹੇਗਾ ਪਰ ਇਕ ਪੰਦਰਵਾੜੇ ਦੀ ਅਦਾਇਗੀ 550 ਤੋਂ 250 ਡਾਲਰ ਤੱਕ ਹੋਵੇਗੀ।

ਬੇਰੁਜ਼ਗਾਰ ਆਸਟਰੇਲਿਆਈ ਅਤੇ ਫੈਡਰਲ ਸਰਕਾਰ ਦੇ ਕਰੋਨਾਵਾਇਰਸ ਤਨਖਾਹ ਸਬਸਿਡੀ ਪ੍ਰੋਗਰਾਮ ਵਿਚ ਕੰਮ ਕਰਨ ਵਾਲਿਆਂ ਨੂੰ ਯੋਜਨਾਬੱਧ ਜੌਬਸੀਕਰ ਅਤੇ ਜੌਬਕੀਪਰ ਦੀ ਸਮਾਪਤੀ ਮਿਤੀ ਤੋਂ ਬਾਅਦ ਸਹਾਇਤਾ ਪ੍ਰਾਪਤ ਕਰਨਾ ਜਾਰੀ ਰਹੇਗਾ। ਗੌਰਤਲਬ ਹੈ ਕਿ ਮਜ਼ੂਦਾ ਸਮੇਂ ‘ਚ 5 ਮਿਲੀਅਨ ਤੋਂ ਵੱਧ ਆਸਟਰੇਲਿਆਈ ਜੌਬਕੀਪਰ ਅਤੇ ਜੌਬਸੀਕਰ ਪ੍ਰੋਗਰਾਮਾਂ ਤੋਂ ਭੁਗਤਾਨ ਪ੍ਰਾਪਤ ਕਰ ਰਹੇ ਹਨ। ਹੁਣ ਤੱਕ ਜੌਬਕੀਪਰ ਤਨਖਾਹ ਸਬਸਿਡੀ ਰਾਹੀਂ 960,000 ਕੰਮ ਮਾਲਕਾਂ ਨੂੰ ਅਦਾਇਗੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਪੂਰੀ ਰਕਮ 3.5 ਮਿਲੀਅਨ ਕਾਮਿਆਂ ਨੂੰ ਵੰਡੀ ਹੈ। ਸਰਕਾਰ ਦਾ ਕਹਿਣਾ ਹੈ ਕਿ ਸਤੰਬਰ ਤੋਂ ਬਾਅਦ ਦੇ ਅਦਾਇਗੀ ਪ੍ਰੋਗਰਾਮ ਲਈ ਯੋਗ ਰਹਿਣ ਲਈ ਸੰਬੰਧਿਤ ਕਾਰੋਬਾਰਾਂ ਨੂੰ ਹਰ ਤਿਮਾਹੀ ਵਿੱਚ, ਮਹਾਂਮਾਰੀ ਦੇ ਪਹਿਲੇ ਪੱਧਰ ਨਾਲੋਂ 30 ਪ੍ਰਤੀਸ਼ਤ ਵਿੱਤੀ ਘਾਟਾ ਦਿਖਾਉਣਾ ਲਾਜ਼ਮੀ ਹੋਵੇਗਾ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਜੌਬਕੀਪਰ ਪ੍ਰੋਗਰਾਮ ਦੀ ਲਾਗਤ ਕਰੀਬ 86 ਬਿਲੀਅਨ ਡਾਲਰ ਤੱਕ ਪੁੱਜ ਜਾਵੇਗੀ ਅਤੇ ਅਗਲੇ ਸਾਲ ਦੀ ਪਹਿਲੀ ਤਿਮਾਹੀ ਦੌਰਾਨ 1 ਮਿਲੀਅਨ ਲੋਕ ਇਸਦਾ ਹਿੱਸਾ ਹੋਣਗੇ। ਗੌਰਤਲਬ ਹੈ ਕਿ ਕਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਸਰਕਾਰ ਜੌਬਕੀਪਰ ਪ੍ਰੋਗਰਾਮ ਰਾਹੀਂ ਹਰ ਪੰਦਰਵਾੜੇ ਨੂੰ 1500 ਡਾਲਰ (ਫਲੈਟ-ਰੇਟ) ਦੀ ਅਦਾਇਗੀ ਕਰ ਰਹੀ ਹੈ। ਜਿਸਦੀ ਕਿ ਅਲੋਚਨਾ ਵੀ ਹੋ ਰਹੀ ਹੈ ਕਿ ਲਗਭਗ ਇਕ ਚੌਥਾਈ ਲੋਕਾਂ ਨੇ ਪਹਿਲਾਂ ਨਾਲੋਂ ਜ਼ਿਆਦਾ ਪੈਸਾ ਕਮਾ ਲਿਆ ਹੈ। ਲੇਬਰ ਦੇ ਆਰਥਿਕ ਨੇਤਾ ਜਿਮ ਚਾਮਰਜ਼ ਅਤੇ ਕੈਟੀ ਗੈਲਘਰ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਸੰਭਾਵਤ ਤੌਰ ਤੇ ਜੌਬਕੀਪਰ ਦੇ ਵਾਧੇ ਦਾ ਸਮਰਥਨ ਕਰਦੀ ਹੈ। ਪਰ ਨਾਲ ਹੀ ਉਹਨਾਂ ਇਸ ਪ੍ਰੋਗਰਾਮ ਦੀ ਅਲੋਚਨਾ ਵੀ ਕੀਤੀ ਕਿ ਕੁਝ ਲੋਕਾਂ ਨੂੰ ਮਹਾਂਮਾਰੀ ਤੋਂ ਪਹਿਲਾਂ ਉਨ੍ਹਾਂ ਦੀ ਕਮਾਈ ਨਾਲੋਂ ਵਧੇਰੇ ਤਨਖਾਹ ਦਿੱਤੀ ਗਈ ਸੀ। ਲੀਡਰ ਐਂਥਨੀ ਅਲਬਾਨੀਜ਼ ਅਤੇ ਸ਼ੈਡੋ ਖਜ਼ਾਨਚੀ ਜਿੰਮ ਚਾਮਰਜ਼ ਨੇ ਬੇਰੁਜ਼ਗਾਰੀ ਦੇ ਲਾਭਾਂ ਨੂੰ ਪੱਕੇ ਤੌਰ ‘ਤੇ ਚੁੱਕਣ ਵਿਚ ਅਸਫਲ ਰਹਿਣ ਲਈ ਸਰਕਾਰ ਦੀ ਅਲੋਚਨਾ ਕੀਤੀ ਹੈ। ਗ੍ਰੀਨਜ਼ ਪਾਰਟੀ ਦੀ ਸਾਰਾਹ ਹਾਂਸਨ ਯੰਗ ਨੇ ਕਿਹਾ ਕਿ ਕਰਾਸਬੈਂਚ ਪਾਰਟੀ ਜੌਬਕੀਪਰ ਅਤੇ ਜੌਬਸੀਕਰ ਅਦਾਇਗੀਆਂ ‘ਚ ਕਟੌਤੀਆਂ ਦਾ ਸਮਰਥਨ ਨਹੀਂ ਕਰੇਗੀ। ਆਸਟਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸਿਜ਼ ਕੈਸੈਂਡਰਾ ਗੋਲਡਿੰਗ ਨੇ ਕਿਹਾ ਕਿ ਸੰਬੰਧਿਤ ਕਟੌਤੀਆਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਨਗੀਆਂ ਅਤੇ ਸਰਕਾਰ ਤੋਂ ਜੌਬਸੀਕਰ ਲਈ ਨਵੀਂ ਸਥਾਈ ਦਰ ਨਿਰਧਾਰਤ ਕਰਨ ਦੀ ਮੰਗ ਕੀਤੀ ਹੈ। ਟਰੇਡ ਯੂਨੀਅਨਾਂ ਦੀ ਆਸਟਰੇਲਿਆਈ ਕੌਂਸਲ ਨੇ ਕਿਹਾ ਕਿ ਇਹ ਦੋਵਾਂ ਪ੍ਰੋਗਰਾਮਾਂ ਦੇ ਵਿਸਥਾਰ ਦਾ ਸਮਰਥਨ ਕਰਦੀ ਹੈ। ਉੱਧਰ ਉਦਯੋਗ ਸਮੂਹਾਂ ਨੇ ਵੀ ਇਸ ਵਿਸਥਾਰ ਦੀ ਹਮਾਇਤ ਕੀਤੀ ਹੈ, ਪਰ ਚੇਤਾਵਨੀ ਦਿੱਤੀ ਕਿ ਕਾਰੋਬਾਰਾਂ ਨੂੰ ਆਪਣੇ ਦਰਵਾਜ਼ੇ ਬੰਦ ਕਰਨ ਤੋਂ ਰੋਕਣ ਲਈ ਵਧੇਰੇ ਸਹਾਇਤਾ ਦੀ ਜ਼ਰੂਰਤ ਹੈ। ਆਸਟਰੇਲਿਆਈ ਇੰਡਸਟਰੀ ਗਰੁੱਪ ਦੇ ਇੰਨੇਸ ਵਿਲੋਕਸ ਨੇ ਕਿਹਾ ਹੈ ਕਿ ਇਕ ਵਾਰ ਜਦੋਂ ਇਹ ਸਹਾਇਤਾ ਹਟ ਜਾਂਦੀ ਹੈ, ਤਾਂ ਬਹੁਤ ਸਾਰੇ ਕਾਰੋਬਾਰੀ ਮਾਲਕ ਇਹ ਫੈਸਲਾ ਲੈਣਗੇ ਕਿ ਇਹ ਸਭ ਬਹੁਤ ਮੁਸ਼ਕਲ ਹੈ ਅਤੇ ਉਹ ਚਲੇ ਜਾਣਗੇ। ਆਸਟ੍ਰੇਲੀਆ ‘ਚ ਮਜ਼ੂਦਾ ਸਮੇਂ ਬੇਰੁਜ਼ਗਾਰੀ ਦੀ ਦਰ ਵੱਧ ਕੇ 7.4 ਪ੍ਰਤੀਸ਼ਤ ਤੱਕ ਅੱਪੜ ਗਈ ਹੈ।

Share This :

Leave a Reply