ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ‘ਚ ਅਹੁਦਾ ਸੰਭਾਲਣ ਉਪਰੰਤ ਅੱਜ ਉਪ ਕੁਲਪਤੀ ਨੇ ਯੂਨੀਵਰਸਿਟੀ ਦੇ ਆਰਜ਼ੀ ਦਫ਼ਤਰ ਦਾ ਕੀਤਾ ਦੌਰਾ

ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸ ਕਰਵਾਕੇ ਸਵੈ ਰੋਜ਼ਗਾਰ ਦੇ ਕਾਬਲ ਬਣਾਇਆ ਜਾਵੇਗਾ : ਡਾ. ਕਰਮਜੀਤ ਸਿੰਘ

ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ

ਪਟਿਆਲਾ (ਮੀਡੀਆ ਬਿਊਰੋ) ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੇ ਪਹਿਲੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਅਹੁਦਾ ਸੰਭਾਲਣ ਉਪਰੰਤ ਅੱਜ ਸਰਕਾਰੀ ਮਹਿੰਦਰਾ ਕਾਲਜ ਵਿਖੇ ਯੂਨੀਵਰਸਿਟੀ ਦੇ ਬਣਾਏ ਆਰਜ਼ੀ ਦਫ਼ਤਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਨੂੰ ਕਾਰਜਸ਼ੀਲ ਕਰਨ ਲਈ ਗਠਿਤ ਕੀਤੀਆਂ ਕਮੇਟੀਆਂ ਦੇ ਨਾਲ ਮੀਟਿੰਗ ਕਰਦਿਆ ਕਿਹਾ ਕਿ ਯੂਨੀਵਰਸਿਟੀ ‘ਚ ਕਿੱਤਾ ਮੁਖੀ ਕੋਰਸਾਂ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਇਆ ਜਾ ਸਕੇ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਦਰਸ਼ਨ ਸਿੰਘ ਬਰਾੜ ਵੀ ਮੌਜੂਦ ਸਨ। ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਮੀਟਿੰਗ ਦੌਰਾਨ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਵੱਲ ਉਤਸ਼ਾਹਿਤ ਕਰਨਾ ਹੈ ਤਾਂ ਜੋ ਪੰਜਾਬ ਦਾ ਨੌਜਵਾਨ ਨੌਕਰੀ ਪ੍ਰਾਪਤ ਕਰਨ ਦੀ ਬਜਾਏ ਹੋਰਨਾਂ ਲਈ ਨੌਕਰੀਆਂ ਦੇ ਮੌਕੇ ਪ੍ਰਦਾਨ ਕਰੇ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਕਲਾਸਾਂ ਅਗਲੇ ਸਾਲ ਸ਼ੁਰੂ ਕਰਨ ਲਈ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਥੇ ਕੋਰਸ ਸ਼ੁਰੂ ਕੀਤੇ ਜਾਣਗੇ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੱਤਰ ਵਿਹਾਰ ਵਿਧੀ ਰਾਹੀਂ ਆਨ-ਲਾਈਨ ਕੋਰਸਾਂ ਵੱਲ ਵੱਧ ਰਹੀ ਤਵੱਜੋ ਅਤੇ ਵਿਸ਼ਵ ਪੱਧਰ ‘ਤੇ ਸਿੱਖਿਆ ਦੇ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਯੂਨੀਵਰਸਿਟੀ ਦਾ ਸਿਲੇਬਸ ਤਿਆਰ ਕੀਤਾ ਜਾਵੇਗਾ। ਉਨ੍ਹਾਂ ਜਲਦੀ ਹੀ ਯੂਨੀਵਰਸਿਟੀ ਲਈ ਲਾਇਬਰੇਰੀ, ਵੈਬ ਸਾਈਟ ਅਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹਕੀਕ ਰੂਪ ਦੇਣ ਬਾਰੇ ਆਖਿਆ। ਉਨ੍ਹਾਂ ਦੱਸਿਆ ਕਿ ਇਹ ਯੂਨੀਵਰਸਿਟੀ ਨਵੀਂ ਸਿੱਖਿਆ ਨੀਤੀ 2020 ਮੁਤਾਬਕ ਨੌਜਵਾਨਾਂ ਨੂੰ ਰੋਜ਼ਗਾਰ ਮੁਖੀ ਕੋਰਸ ਕਰਵਾਉਣ ‘ਤੇ ਜ਼ੋਰ ਦੇਵੇਗੀ। ਇਸ ਦੇ ਨਾਲ ਹੀ ਇਹ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਸਹਿਯੋਗ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਦੀ ਸਥਾਪਤੀ ਦਾ ਮੁੱਖ ਉਦੇਸ਼ ਉਨ੍ਹਾਂ ਵਿਦਿਆਰਥੀਆਂ ਲਈ ਵਿੱਦਿਅਕ ਮੌਕੇ ਉਪਲਬਧ ਕਰਵਾਉਣਾ ਹੈ ਜਿਨ੍ਹਾਂ ਪਾਸ ਵਿੱਦਿਅਕ ਸੰਸਥਾਨਾਂ ਵਿੱਚ ਰੈਗੂਲਰ ਪੜ੍ਹਾਈ ਦੇ ਮੌਕੇ ਨਾ ਮਾਤਰ ਜਾਂ ਬਹੁਤ ਥੋੜੇ ਹਨ। ਸਭਨਾਂ ਲਈ ਵਿੱਦਿਆ ਦੇ ਢੁਕਵੇਂ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਸਥਾਪਤ ਹੋਣ ਵਾਲੀ ਇਸ ਯੂਨੀਵਰਸਿਟੀ ਜ਼ਰੀਏ ਕਿਸੇ ਵੀ ਤਰ੍ਹਾਂ ਦਾ ਰੁਜ਼ਗਾਰ ਵਾਲੇ ਵਿਅਕਤੀਆਂ, ਘਰੇਲੂ ਸੁਆਣੀਆਂ, ਬਾਲਗਾਂ ਅਤੇ ਪ੍ਰਵਾਸੀ ਭਾਰਤੀਆਂ ਲਈ ਉੱਚ ਪੱਧਰ ਦੀ ਵਿਦਿਆ ਹਾਸਿਲ ਕਰਨ ਜਾਂ ਆਪਣੇ ਵਿੱਦਿਅਕ ਪੱਧਰ ਨੂੰ ਹੋਰ ਉੱਚਾ ਕਰਨ ਦੇ ਮੌਕੇ ਪੱਤਰ ਵਿਹਾਰ ਵਿਧੀ ਜ਼ਰੀਏ ਉਪਲਬਧ ਹੋ ਸਕਣਗੇ। ਇਸ ਮੌਕੇ ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ, ਸ੍ਰੀਮਤੀ ਰਮਨਜੀਤ ਕੌਰ, ਡਾ. ਦੀਪਿਕਾ, ਡਾ. ਸੁਰੇਸ਼ ਕੁਮਾਰ, ਡਾ. ਰਾਮ ਕੁਮਾਰ, ਡਾ. ਜਗਸ਼ੀਰ ਸਿੰਘ, ਬਿਨੈਦੀਪ ਸਿੰਘ ਅਤੇ ਮੁਫ਼ਲੀਨ ਸਿੰਘ ਵੀ ਮੌਜੂਦ ਸੀ। ਵਰਨਣਯੋਗ ਹੈ ਕਿ ਅਕਾਦਮਿਕ ਖੇਤਰ ‘ਚ ਐਮ.ਕਾਮ ਅਤੇ ਪੀ.ਐਚ.ਡੀ. (ਵਿੱਤ) ਦੀ ਡਿਗਰੀ ਹਾਸਲ ਡਾ. ਕਰਮਜੀਤ ਸਿੰਘ ਇਕ ਉਘੇ ਸਿੱਖਿਆ ਸ਼ਾਸਤਰੀ ਅਤੇ ਯੋਗ ਪ੍ਰਸ਼ਾਸਕ ਹਨ, ਜਿਨ੍ਹਾਂ ਕੋਲ ਅਧਿਆਪਨ ਅਤੇ ਖੋਜ ਦਾ 34 ਸਾਲ ਦਾ ਤਜਰਬਾ ਹੈ ਅਤੇ ਹੁਣ ਪੰਜਾਬ ਯੂਨੀਵਰਸਿਟੀ ‘ਚ ਬਤੌਰ ਰਜਿਸਟਰਾਰ ਕੰਮ ਕਰ ਰਹੇ ਸਨ।

Share This :

Leave a Reply