ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੰਸਥਾ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਮੁਫਤ ਲੰਗਰ ਦੀ ਕੀਤੀ ਵਿਵਸਥਾ

ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਵੱਲੋਂ ਲਗਾਏ ਜਾ ਰਹੇ ਲੰਗਰ ਨੂੰ ਵੰਡਦੇ ਹੋਏ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ।

ਅੰਮ੍ਰਿਤਸਰ (ਮੀਡੀਆ ਬਿਊਰੋ) ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਜਿਲਾ ਹੁਸ਼ਿਆਰਪੁਰ ਵੱਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਲੋੜਵੰਦਾਂ ਦੀ ਸਹਾਇਤਾ ਲਈ ਰੋਜਾਨਾ ਲੱਗਣ ਵਾਲੇ ਲੰਗਰ ਦੀ ਸ਼ੁਰੂਆਤ ਕੀਤੀ ਗਈੇ। ਇਸ ਲੰਗਰ ਦਾ ਉਦਘਾਟਨ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਰਾਜ ਵਿੱਚ 25 ਹਸਪਤਾਲਾਂ ਵਿੱਚ ਮੁਫ਼ਤ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਲੋੜਵੰਦਾਂ ਨੂੰ ਤਿੰਨੇ ਟਾਈਮ ਦਾ ਖਾਣਾ ਮੁਫ਼ਤ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਇਸ ਲੰਗਰ ਸੇਵਾ ਸੰਸਥਾ ਵੱਲੋਂ ਰੋਜਾਨਾ ਕਰੀਬ 72000 ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ। ਸ੍ਰ ਢਿਲੋਂ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਲੋੜਵੰਦ ਲੋਕਾਂ ਲਈ ਫ੍ਰੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਹਸ਼ਿਆਰਪੁਰ ਦੇ ਰੇਲਵੇ ਸਟੇਸ਼ਨਾਂ ਦੇ ਨਾਲ ਨਾਲ ਬੱਸ ਸਟੈਂਡ ਵਿਖੇ ਵੀ ਲੋੜਵੰਦਾਂ ਲਈ ਲੰਗਰ ਲਗਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਵੀ ਪੰਜਾਬ ਵਿੱਚ ਰਾਜ ਵਿੱਚ ਆਮ ਜਨਤਾ ਨੂੰ ਰੋਟੀ ਦਾ ਪ੍ਰਬੰਧ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ ਉਸ ਸਮੇਂ ਵੀ ਇਸ ਸੰਸਥਾ ਵੱਲੋਂ ਰੋਜਾਨਾ ਕਰੀਬ 1,80,000 ਸੰਗਤਾਂ ਲਈ ਲੰਗਰ ਤਿਆਰ ਕਰਕੇ 30 ਗੱਡੀਆਂ ਰਾਹੀਂ ਪੂਰੇ ਪੰਜਾਬ ਵਿੱਚ ਪਹੁੰਚਾਇਆ ਜਾਂਦਾ ਸੀ ਜਿਸ ਤੇ ਰੋਜਾਨਾ ਕਰੀਬ 12 ਲੱਖ ਰੁਪਏ ਖਰਚ ਕੀਤਾ ਜਾਂਦਾ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ 19 ਮਹਾਂਮਾਰੀ ਤੋਂ ਬਚਣ ਲਈ ਲੋਕਾਂ ਵਿੱਚ ਮਾਸਕਾਂ ਦੀ ਵੰਡ ਕੀਤੀ ਗਈ ਅਤੇ ਖੁਦ ਲੋੜਵੰਦਾਂ ਨੂੰ ਮਾਸਕ ਲਗਾਏ। ਉਨਾਂ ਨੇ ਕਿਹਾ ਕਿ ਜਿਲੇ ਵਿੱਚ ਲੋੜਵੰਦ ਲੋਕਾਂ ਨੂੰ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਮਾਸਕਾਂ ਦੀ ਵੰਡ ਕੀਤੀ ਜਾਵੇਗੀ। ਉਨਾਂ ਨੇ ਇਸ ਮੌਕੇ ਕਰੋਨਾ ਤੋਂ ਬਚਣ ਲਈ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਸ੍ਰ ਢਿਲੋਂ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਉਪਰਾਲਾ ਆਮ ਲੋਕਾਂ ਲਈ ਵੀ ਇਕ ਪ੍ਰੇਰਨਾ ਦਾ ਸਰੋਤ ਹੈ ਅਤੇ ਦਾਨੀ ਸੱਜਣ ਵੀ ਇਸ ਸੰਸਥਾ ਦੀ ਮਦਦ ਕਰਨ ਲਈ ਅੱਗੇ ਆਉਣ। ਉਨਾਂ ਕਿਹਾ ਕਿ ਗੁਰਬਾਣੀ ਦੇ ਸਿਧਾਂਤ ਅਨੁਸਾਰ ਆਓ ਸਾਰੇ ਰਲ ਕੇ ਮਾਨਵਤਾ ਦੇ ਭਲੇ ਲਈ ਇਸ ਲੰਗਰ ਸੇਵਾ ਵਿੱਚ ਆਪਣੀ ਸ਼ਰਧਾ ਨਾਲ ਦਸਵੰਧ ਪਾ ਕੇ ਲੋੜਵੰਦਾਂ ਦੀ ਵੱਧ ਤੋਂ ਵੱਧ ਸੇਵਾ ਕਰਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਈਏ। ਇਸ ਮੌਕੇ ਮੈਡਮ ਅਲਕਾ ਕਾਲੀਆ ਐਸ:ਡੀ:ਐਮ ਮਜੀਠਾ ਅਤੇ ਸ੍ਰ ਬੂਟਾ ਸਿੰਘ ਲੰਗਰ ਸੇਵਾ ਸੰਸਥਾ ਦੇ ਨੁਮਾਇੰਦੇ ਵੀ ਹਾਜਰ ਸਨ।

Share This :

Leave a Reply