ਅੰਮ੍ਰਿਤਸਰ ਵਾਸੀ ਸਾਥ ਦੇਣ ਤਾਂ ਜਿਲੇ ਵਿਚੋਂ ਕੋਰੋਨਾ ਦੀ ਹੋ ਸਕਦੀ ਹੈ ਛੁੱਟੀ

ਕੋਟ ਖਾਲਸਾ ਵਿਖੇ ਮੋਬਾਇਲ ਟੈਸਟਿੰਗ ਵੈਨ ਲੋਕਾਂ ਦੇ ਸੈਂਪਲ ਲੈਂਦੀ ਹੋਈ

ਅੰਮ੍ਰਿਤਸਰ (ਏ-ਆਰ. ਆਰ. ਐੱਸ. ਸੰਧੂ) ਜਿਲਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ ਉਤੇ ਸਿਹਤ ਵਿਭਾਗ ਨਾਲ ਮਿਲ ਕੇ ਮੋਬਾਈਲ ਟੈਸਟਿੰਗ ਵੈਨ ਦੀ ਜੋ ਸ਼ੁਰੂਆਤ ਕੀਤੀ ਹੈ, ਉਹ ਰੋਜ਼ਾਨਾ ਵੱਖ=ਵੱਖ ਖੇਤਰਾਂ, ਖਾਸ ਕਰ ਉਹ ਇਲਾਕੇ ਜਿੱਥੋਂ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ, ਵਿਚ ਪਹੁੰਚ ਕੇ ਇਲਾਕਾ ਵਾਸੀਆਂ ਦੇ ਨਮੂਨੇ ਲੈ ਰਹੀ ਹੈ। ਇਸ ਤਰਾਂ ਬਿਨਾਂ ਕਿਸੇ ਖੱਜ਼ਲ-ਖੁਆਰੀ ਤੋਂ ਲੋਕਾਂ ਦੇ ਕੋਵਿਡ ਟੈਸਟ ਕਰਨੇ ਸੰਭਵ ਹੋ ਰਹੇ ਹਨ। ਸਿਹਤ ਵਿਭਾਗ ਦੀ ਟੀਮ ਹੇਠ ਕੰਮ ਕਰਦੀ ਇਹ ਵੈਨ ਰੋਜ਼ਾਨਾ 50 ਤੋਂ 150 ਤੱਕ ਦੇ ਨਮੂਨੇ ਲੈ ਰਹੀ ਹੈ।

ਡਿਪਟੀ ਕਮਿਸ਼ਨਰ ਸ. ਢਿਲੋਂ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਜਿਸ ਵੀ ਇਲਾਕੇ ਵਿਚ ਇਹ ਵੈਨ ਜਾਂਦੀ ਹੈ, ਟੀਮ ਉਥੋਂ ਦੇ ਕੌਸ਼ਲਰ ਸਾਹਿਬਾਨ ਤੇ ਹੋਰ ਮੋਹਤਬਰ ਲੋਕਾਂ ਨੂੰ ਨਾਲ ਲੈ ਕੇ ਟੈਸਟਿੰਗ ਵਾਸਤੇ ਕੰਮ ਕਰਦੀ ਹੈ, ਪਰ ਕਈ ਵਾਰ ਲੋਕ ਇਸ ਖੁੱਲ ਕੇ ਟੈਸਟਿੰਗ ਲਈ ਸਾਹਮਣੇ ਨਹੀਂ ਆਉਂਦੇ, ਜਿਸ ਕਾਰਨ ਵਿਭਾਗ ਦੀ ਕੋਸ਼ਿਸ਼ ਵੀ ਬੇਕਾਰ ਜਾਂਦੀ ਹੈ। ਉਨਾਂ ਕਿਹਾ ਕਿ ਜੇਕਰ ਕੋਵਿਡ ਦੇ ਸ਼ੱਕੀ ਮਰੀਜ਼ ਦਾ ਟੈਸਟ ਹੋ ਜਾਵੇ ਤਾਂ ਉਸ ਨੂੰ ਸਮੇਂ ਸਿਰ ਇਕਾਂਤਵਾਸ ਕਰਕੇ ਜਿੱਥੇ ਉਸਦਾ ਇਲਾਜ ਅਸਾਨੀ ਨਾਲ ਕੀਤਾ ਜਾ ਸਕਦਾ ਹੈ, ਉਥੇ ਸਮੁੱਚੇ ਇਲਾਕੇ ਤੇ ਉਸਦੇ ਪਰਿਵਾਰ ਨੂੰ ਕੋਵਿਡ ਤੋਂ ਬਚਾਇਆ ਜਾ ਸਕਦਾ ਹੈ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੇ ਟੈਸਟ ਕਰਵਾਉਣ ਲਈ ਅੱਗੇ ਆਉਣ, ਤਾਂ ਜੋ ਜਿਲੇ ਨੂੰ ਕੋਵਿਡ-19 ਤੋਂ ਮੁੱਕਤ ਕੀਤਾ ਜਾ ਸਕੇ। ਸ. ਢਿਲੋਂ ਨੇ ਕਿਹਾ ਕਿ ਕੋਵਿਡ-19 ਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਹਰੇਕ ਵਿਅਕਤੀ ਮਾਸਕ ਦਾ ਪ੍ਰਯੋਗ ਕਰੇ। ਇਸ ਤੋਂ ਇਲਾਵਾ ਆਪਸੀ ਦੂਰੀ 2 ਮੀਟਰ ਤੱਕ ਦੀ ਰੱਖੇ, ਤਾਂ ਕੋਰੋਨਾ ਨੂੰ ਅੱਗੇ ਫੈਲਣ ਦਾ ਮੌਕਾ ਨਹੀਂ ਮਿਲੇਗਾ ਅਤੇ ਇਹ ਬਹੁਤ ਛੇਤੀ ਖਤਮ ਹੋ ਸਕੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਮਿਸ਼ਨ ਫਤਿਹ ਤਹਿਤ ਇਹ ਸੰਦੇਸ਼ ਘਰ-ਘਰ ਪਹੁੰਚਾ ਰਹੀ ਹੈ, ਪਰ ਇਸ ਦਾ ਸਹੀ ਲਾਭ ਉਸ ਵੇਲੇ ਹੀ ਹੋਵੇਗਾ, ਜਦ ਆਮ ਲੋਕ ਇਨਾਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾ ਲੈਣਗੇ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਟੈਸਟਿੰਗ ਵੈਨ ਵਲੋਂ ਬੀਤੀ ਦਿਨ ਕੋਟ ਖਾਲਸਾ ਵਿਖੇ ਲੋਕਾਂ ਦੇ ਸੈਂਪਲ ਲਏ ਗਏ ਹਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਘਰ ਘਰ ਜਾ ਕੇ ਲੋਕਾਂ ਨੂੰ ਸੈਂਪਲ ਦੇਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜੇਕਰ ਹਰੇਕ ਵਿਅਕਤੀ ਆਪਣਾ ਟੈਸਟ ਕਰਵਾਏ ਤਾਂ ਕੋਰੋਨਾ ਮਹਾਂਮਾਰੀ ਦੀ ਚੇਨ ਨੂੰ ਤੋੜਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਹ ਟੈਸਟ ਮੁਫ਼ਤ ਵਿੱਚ ਕੀਤਾ ਜਾਂਦਾ ਹੈ।

Share This :

Leave a Reply