ਅੰਮ੍ਰਿਤਸਰ (ਮੀਡੀਆ ਬਿਊਰੋ) ਜਿਲਾ ਅੰਮ੍ਰਿਤਸਰ ਵਿੱਚ ਅੱਜ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਕਾਰਨ 400 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 1750 ਐਕਟਿਵ ਕੇਸ ਹਨ। ਅਤੇ 208 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 55778 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ ਤੇ ਅੱਜ 5 ਵਿਅਕਤੀਆਂ ਦੀ ਕਰੋਨਾ ਨਾਲ ਮੋਤ ਹੋਈ ਹੈ।। ਉਨਾਂ ਕਿਹਾ ਕਿ ਸਾਨੂੰ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਕਰੋਨਾ ਵਾਈਰਸ ਨੂੰ ਹਰਾ ਸਕਦੇ ਹਾਂ।
ਸਿਵਲ ਸਰਜਨ ਨੇ ਦੱਸਿਆ ਕੋਰੋਨਾ ਦੇ ਲੱਛਣ ਜਿਸ ਵਿਚ ਤੇਜ ਬੁਖ਼ਾਰ, ਖਾਂਸੀ, ਜੁਕਾਮ ਅਤੇ ਸਾਹ ਦੀ ਤਕਲੀਫ ਮੁੱਖ ਤੌਰ ਤੇ ਸ਼ਾਮਲ ਹਨ। ਫਿਰ ਵੀ ਲੋਕ ਆਪਣੇ ਸ਼ਰੀਰ ਵਿੱਚ ਇਹ ਲੱਛਣ ਮਹਿਸੂਸ ਕਰਨ ਦੇ ਬਾਵਜੂਦ ਕੋਰੋਨਾ ਦਾ ਟੈਸਟ ਕਰਵਾਉਣ ਲਈ ਨਹੀਂ ਆ ਰਹੇ, ਜੇਕਰ ਸਮੇਂ ਸਿਰ ਟੈਸਟ ਕਰਵਾ ਕੇ ਤੁਸੀਂ ਡਾਕਟਰ ਕੋਲੋਂ ਦਵਾਈ ਲੈ ਲਵੋ ਅਤੇ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਕਰ ਲਵੋ ਤਾਂ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜਾਨ ਬੱਚ ਸਕਦੀ ਹੈ। ਸਰਕਾਰ ਵਲੋਂ ਕੋਰੋਨਾ ਮਰੀਜਾਂ ਦੀ ਪਛਾਣ ਵੀ ਗੁੱਪਤ ਰੱਖੀ ਜਾ ਰਹੀ ਹੈ ਅਤੇ ਘਰਾਂ ਵਿੱਚ ਰਹਿਣ ਦੀ ਆਗਿਆ ਵੀ ਦਿੱਤੀ ਜਾ ਰਹੀ ਹੈ। ਉਨਾ ਦੱਸਿਆ ਕਿ ਜਿਲਾ ਅੰਮ੍ਰਿਤਸਰ ਵਿੱਚ ਹੁਣ ਤੱਕ ਕੁਲ 289 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।