ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਵਾਸ਼ਿੰਗਟਨ , ਡੀ ਸੀ ਵਿਚ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਤੋਂ ਲੱਗਦਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਪਾਉਣ ਦੇ ਮੁੱਦੇ ‘ਤੇ ਅਮਰੀਕੀ ਵੰਡੇ ਹੋਏ ਹਨ। ਡੋਨਾਲਡ ਟਰੰਪ ਵੱਲੋਂ ਰਿਪਬਲੀਕਨ ਪਾਰਟੀ ਦੀ ਦੂਸਰੀ ਵਾਰ ਰਾਸ਼ਟਰਪਤੀ ਦੀ ਚੋਣ ਲੜਨ ਲਈ ਨਾਮਜ਼ਦਗੀ ਦੀ ਪੇਸ਼ਕਸ਼ ਸਵਿਕਾਰ ਕਰਨ ਮੌਕੇ ਹੋਏ ਸਮਾਗਮ ਵਿਚ ਸੱਦੇ ਗਏ 1000 ਤੋਂ ਵਧ ਵਿਅਕਤੀਆਂ ਦੇ ਬੈਠਣ ਲਈ ਕੁਰਸੀਆਂ ਲਾਈਆਂ ਗਈਆਂ ਸਨ
ਪਰੰਤੂ ਹਾਲ ਖਚਾਖਚ ਭਰ ਗਿਆ ਸੀ ਤੇ ਬਹੁਤਿਆਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ। ਦੂਸਰੇ ਪਾਸੇ ਇਸੇ ਦਿਨ ਨਸਲੀ ਨਿਆਂ ਨੂੰ ਲੈ ਕੇ ਹੋਏ ਪ੍ਰਦਰਸ਼ਨ ਵਿਚ ਸ਼ਾਮਿਲ ਹਜਾਰਾਂ ਲੋਕਾਂ ਨੇ ਸਮਾਜਿਕ ਦੂਰੀ ਵੀ ਰਖੀ ਤੇ ਮਾਸਕ ਵੀ ਪਾਏ ਹੋਏ ਸਨ। ਮਾਰਟਿਨ ਲੂਥਰ ਕਿੰਗ-3 ਨੇ ਲਿੰਕਨ ਮੈਮੋਰੀਅਲ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵਿਚ ਸਮਾਜਿਕ ਦੂਰੀ ਹੈ ਪਰ ਅਧਿਆਤਮਿੱਕ ਤੌਰ ‘ਤੇ ਅਸੀਂ ਇਕ ਹਾਂ। ਅਮਰੀਕੀਆਂ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਆਪੋ ਆਪਣੀ ਪਹੁੰਚ ਦੀਆਂ ਇਹ ਤਾਜ਼ਾ ਉਦਾਹਰਣਾਂ ਹਨ।





















