ਪ੍ਰਦਰਸ਼ਨਾਂ ਨੂੰ ਰੋਕਣ ਲਈ ਰਾਜ ਤਾਕਤ ਦੀ ਵਰਤੋਂ ਕਰਨ-ਟਰੰਪ

ਰਾਸ਼ਟਰਪਤੀ ਟਰੰਪ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਇਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

ਮਿਨੀਏਪੋਲਿਸ ਵਿਚ ਹੁਣ ਕੋਈ ਵੀ ਪੁਲਿਸ ਵਾਲਾ ਨਹੀਂ ਰਖ ਸਕੇਗਾ ਧੌਣ ‘ਤੇ ਗੋਡਾ * ਵਾਈਟ ਹਾਊਸ ‘ਤੇ ‘ਕਾਲਿਆਂ ਦਾ ਜੀਵਨ ਮਹੱਤਵਪੂਰਨ ਹੈ’ ਉਕਰਿਆ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਪ੍ਰਦਰਸ਼ਨਾਂ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕਰਨ ਉਪਰ ਜੋਰ ਦਿੱਤਾ ਹੈ। ਵਾਈਟ ਹਾਊਸ ਦੇ ਰੋਜ ਗਾਰਡਨ ਵਿਖੇ ਰਾਸ਼ਟਰਪਤੀ ਨੇ ਗਵਰਨਰਾਂ ਨੂੰ ਕਿਹਾ ਕਿ ਪ੍ਰਦਰਸ਼ਨਾਂ ਨੂੰ ਰੋਕਣ ਲਈ ਨੈਸ਼ਨਲ ਗਾਰਡ ਫੋਰਸਾਂ ਦੀ ਵਰਤੋਂ ਕੀਤੀ ਜਾਵੇ। ਬੇਰੁਜ਼ਗਾਰੀ ਦਰ ਪਿਛਲੇ ਮਹੀਨੇ ਦੀ 14.7% ਤੋਂ ਘਟਕੇ 13.3% ਰਹਿ ਜਾਣ ਤੋਂ ਉਤਸ਼ਾਹਿਤ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਵਿਚ ਸਾਡੀ ਮਹਾਨ ਅਰਥਵਿਵਸਥਾ ਹੈ, ਸਾਡੀਆਂ ਨੌਕਰੀਆਂ ਵਾਪਿਸ ਆ ਰਹੀਆਂ ਹਨ।

ਰਾਸ਼ਟਰਪਤੀ ਨੇ ਕਾਲੇ ਲੋਕਾਂ ਦੀ ਸਥਿੱਤੀ ਉਪਰ ਬਹੁਤਾ ਕੁਝ ਨਹੀਂ ਕਿਹਾ। ਇਸ ਦਰਮਿਆਨ ਪੁਲਿਸ ਸੁਧਾਰਾਂ ਦੀ ਮੰਗ ਜੋਰ ਫੜ ਗਈ ਹੈ ਤੇ ਪੁਲਿਸ ਦੀ ਜਗਾ ‘ਤੇ ਬਦਲਵੀਂ ਵਿਵਸਥਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਧੌਣ ‘ਤੇ ਗੋਡਾ ਰੱਖਣ ਉਪਰ ਪਾਬੰਦੀ :  
ਮਿਨੀਸੋਟਾ ਰਾਜ ਦੇ ਮਿਨੀਏਪੋਲਿਸ ਸ਼ਹਿਰ ਜਿਥੇ 25 ਮਈ ਨੂੰ ਇਕ ਪੁਲਿਸ ਅਧਿਕਾਰੀ ਨੇ ਜਾਰਜ ਫਲਾਇਡ ਨਾਂ ਦੇ ਕਾਲੇ ਵਿਅਕਤੀ ਦੀ ਸਾਹ ਰਗ ਉਪਰ ਗੋਡਾ ਰਖਕੇ ਹੱਤਿਆ ਕਰ ਦਿੱਤੀ ਸੀ, ਵਿਚ ਹੁਣ ਕੋਈ ਵੀ ਪੁਲਿਸ ਵਾਲਾ ਅਜਿਹਾ ਨਹੀਂ ਕਰ ਸਕੇਗਾ। ਪੁਲਿਸ ਉਪਰ ਕਿਸੇ ਦੀ ਧੌਣ ‘ਤੇ ਗੋਡਾ ਰਖਣ ਉਪਰ ਪਾਬੰਦੀ ਲਾ ਦਿੱਤੀ ਹੈ। ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਮਿਨੀਏਪੋਲਿਸ ਦੇ ਪੁਲਿਸ ਵਿਭਾਗ ਵਿਚ ਇਹ ਪਹਿਲੀ ਤਬਦੀਲੀ ਲਿਆਂਦੀ ਗਈ ਹੈ। ਸ਼ਹਿਰ ਦੀ ਕੌਂਸਲ ਦੇ ਪ੍ਰਧਾਨ ਲੀਸਾ ਬੈਂਡਰ ਨੇ ਕਿਹਾ ਹੈ ਕਿ ਏਜੰਸੀ ਨੂੰ ਖਤਮ ਕਰਕੇ ਸ਼ਹਿਰ ਵਿਚ ਜਨਤਿਕ ਸੁਰੱਖਿਆ ਦੀ ਨਵੀਂ ਵਿਵਸਥਾ ਲਾਗੂ ਕੀਤੀ ਜਾਵੇਗੀ। ਹਾਵਰਡ ਯੁਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਕਾਲਜਾਂ ਨੂੰ ਪੁਲਿਸ ਤੋਂ ਮੁਕਤ ਕਰ ਦਿੱਤਾ ਜਾਵੇ ਤੇ ਕੈਂਪਸ ਦੀ ਸੁਰੱਖਿਆ ਲਈ ਨਵੇਂ ਢੰਗ ਤਰੀਕਿਆਂ ਬਾਰੇ ਵਿਚਾਰ ਕੀਤੀ ਜਾਵੇ।
ਪੁਲਿਸ ਅਧਿਕਾਰੀਆਂ ਵਲੋਂ ਜ਼ਮਾਨਤ ਲਈ ਬੇਨਤੀ:
ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਮੁੱਖ ਦੋਸ਼ੀ ਡੈਰਿਕ ਚੂਵਿਨ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਤਿੰਨ ਹੋਰ ਪੁਲਿਸ ਅਧਿਕਾਰੀਆਂ ਨੇ ਜ਼ਮਾਨਤ ਲਈ ਬੇਨਤੀ ਕੀਤੀ ਹੈ। ਜਿਸ ‘ਤੇ ਅਦਾਲਤ ਨੇ ਹਰੇਕ ਪੁਲਿਸ ਅਧਿਕਾਰੀ ਨੂੰ 7,50,000 ਡਾਲਰ ਜਮਾਂ ਕਰਵਾਉਣ ਲਈ ਕਿਹਾ ਹੈ। ਇਨਾਂ  ਤਿੰਨਾਂ ਪੁਲਿਸ ਅਧਿਕਾਰੀਆਂ ਉਪਰ ਹੱਤਿਆ ਵੇਲੇ ਮੁੱਖ ਦੋਸ਼ੀ ਚੂਵਿਨ ਦੀ ਮੱਦਦ ਕਰਨ ਦਾ ਦੋਸ਼ ਲਾਇਆ ਗਿਆ ਹੈ।
ਮਿਨੀਸੋਟਾ, ਕੈਲੀਫੋਰਨੀਆ ਤੇ ਹੋਰ ਥਾਵਾਂ ‘ਤੇ ਪ੍ਰਦਰਸ਼ਨ ਜਾਰੀ:
ਜਾਰਜ ਫਲਾਇਡ ਦੇ ਮਾਮਲੇ ਵਿਚ ਨਿਆਂ ਦੀ ਮੰਗ ਨੂੰ ਲੈ ਕੇ ਮਿਨੀਸੋਟਾ, ਕੈਲੀਫੋਰਨੀਆ ਤੇ ਹੋਰ ਥਾਵਾਂ ‘ਤੇ ਪ੍ਰਦਰਸ਼ਨਾਂ ਦਾ ਸਿਲਸਲਾ ਜਾਰੀ ਰਿਹਾ। ਪ੍ਰਦਰਸ਼ਨ ਸ਼ਾਂਤਮਈ ਰਹੇ। ਪ੍ਰਦਰਸ਼ਨਕਾਰੀਆਂ ਨੇ ਵਾਇਟ ਹਾਊਸ ਦੇ ਬਾਹਰ ਵਾਰ ਮੋਟੇ ਅੱਖਰਾਂ ਵਿਚ ‘ ਬਲੈਕ ਲਿਵਜ਼ ਮੈਟਰ’ ਉਕਰ ਦਿੱਤਾ ਹੈ ਜਦ ਕਿ ਡੀ ਸੀ ਦੇ ਮੇਅਰ ਮੁਰੀਲ ਬੋਜਰ ਨੇ ਆਪਣੇ ਬਲਾਕ ਦਾ ਨਾਂ ‘ਬਲੈਕ ਲਿਵਜ਼ ਮੈਟਰ ਪਲਾਜ਼ਾ’ ਰਖ ਦਿੱਤਾ ਹੈ।  ਸੰਘੀ ਅਧਿਕਾਰੀਆਂ ਨਾਲ ਤਨਾਅ ਦਰਮਿਆਨ ਮੇਅਰ ਵੱਲੋਂ ਇਹ ਨਵਾਂ ਕਦਮ ਚੁੱਕਿਆ ਗਿਆ ਹੈ।
ਐਨ.ਐਫ.ਐਲ ਵੱਲੋਂ ਪ੍ਰਦਰਸ਼ਨਾਂ ਦਾ ਸਮਰਥਨ:
ਨੈਸ਼ਨਲ ਫੁੱਟਬਾਲ ਲੀਗ ਨੇ ਕਾਲੇ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਈ ਹੈ। ਕਮਿਸ਼ਨਰ ਰੋਜਰ ਗੋਡੈਲ ਨੇ ਬਿਆਨ ਵਿਚ ਕਿਹਾ ਹੈ ਕਿ ”ਅਸੀਂ, ਨੈਸ਼ਨਲ ਫੁੱਟਬਾਲ ਲੀਗ ਨਸਲਵਾਦ ਤੇ ਕਾਲਿਆਂ ਨੂੰ ਦਬਾਉਣ ਦੀ ਨਿੰਦਾ ਕਰਦੇ ਹਾਂ। ਨੈਸ਼ਨਲ ਫੁੱਟਬਾਲ ਲੀਗ  ਇਹ ਸਵਿਕਾਰ ਕਰਦੀ ਹੈ ਕਿ ਐਨ.ਐਫ.ਐਲ ਖਿਡਾਰੀਆਂ ਦੀ ਗੱਲ ਪਹਿਲਾਂ ਨਾ ਸੁਣਕੇ ਅਸੀਂ ਗਲਤੀ ਕੀਤੀ ਹੈ ਤੇ ਹੁਣ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਉਹ ਪੁਲਿਸ ਅਤਿਆਚਾਰ ਵਿਰੁੱਧ ਬੋਲਣ ਤੇ ਸ਼ਾਤਮਈ ਪ੍ਰਦਰਸ਼ਨ ਕਰਨ। ”

Share This :

Leave a Reply