ਐਮ.ਐਲ.ਏ. ਨਿਜੀ ਕਾਰਨ ਕਰਕੇ ਹੀ ਨਿਜੀ ਹਸਪਤਾਲ ‘ਚ ਦਾਖਲ ਹੋਏ, ਰਜਿੰਦਰਾ ਹਸਪਤਾਲ ਤੋਂ ਕੋਈ ਸ਼ਿਕਾਇਤ ਨਹੀਂ-ਸਤਨਾਮ ਸਿੰਘ

ਹਲਕਾ ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ (ਫਾਈਲ ਫੋਟੋ)

ਨਿਜੀ ਹਸਪਤਾਲ ‘ਚ ਬੈਡ ਨਾ ਮਿਲਣ ਕਰਕੇ ਰਾਜਿੰਦਰਾ ‘ਚ ਇੱਕ ਦਿਨ ਲਈ ਹੋਏ ਸਨ ਦਾਖਲ

ਪਟਿਆਲਾ (ਮੀਡੀਆ ਬਿਊਰੋ) ਹਲਕਾ ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ ਦੇ ਪੁੱਤਰ ਤੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਵਾਈਸ ਚੇਅਰਮੈਨ ਸ. ਸਤਨਾਮ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਸ. ਨਿਰਮਲ ਸਿੰਘ ਅਤੇ ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਅੱਜ ਸ਼ਾਮ ਕਿਹਾ ਕਿ ਵਿਧਾਇਕ ਮਿਤੀ 28 ਅਗਸਤ ਨੂੰ ਕੋਵਿਡ ਪਾਜਿਟਿਵ ਆਏ ਸਨ ਅਤੇ ਇਸ ਤੋਂ ਬਾਅਦ ਉਹ ਆਪਣੇ ਘਰ ਹੀ ਇਕਾਂਤਵਾਸ ਰਹੇ। ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਪਿਛਲੇ ਦਿਨੀਂ ਜਦੋਂ ਕੁਝ ਤਕਲੀਫ਼ ਮਹਿਸੂਸ ਹੋਈ ਤਾਂ ਪਰਿਵਾਰ ਨੇ ਫੈਸਲਾ ਕੀਤਾ ਕਿ ਵਿਧਾਇਕ ਨੂੰ ਹਸਪਤਾਲ ਦਾਖਲ ਕਰਵਾਇਆ ਜਾਵੇ ਅਤੇ ਜਿੱਥੋਂ (ਇੱਕ ਨਿਜੀ ਹਸਪਤਾਲ ਤੋਂ) ਉਨ੍ਹਾਂ ਦਾ ਪਹਿਲਾਂ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ, ਵਿਖੇ ਬੈਡ ਉਪਲਬਧ ਨਾ ਹੋਇਆ ਤਾਂ ਉਹ ਕਿਸੇ ਹੋਰ ਨਿਜੀ ਹਸਪਤਾਲ ਦਾਖਲ ਹੋਏ ਪਰੰਤੂ ਬਾਅਦ ‘ਚ ਉਥੋਂ ਸ. ਨਿਰਮਲ ਸਿੰਘ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਦਾਖਲ ਹੋਏ ਅਤੇ ਇੱਥੇ ਇੱਕ ਰਾਤ ਦਾਖਲ ਰਹੇ।

ਰਾਜਿੰਦਰਾ ਹਸਪਤਾਲ ‘ਚ ਰਹਿਣ ਦੌਰਾਨ ਵਿਧਾਇਕ ਦੇ ਪੁਰਾਣੇ ਨਿਜੀ ਹਸਪਤਾਲ ‘ਚ ਬੈਡ ਖਾਲੀ ਹੋਣ ਕਰਕੇ ਉਨ੍ਹਾਂ ਨੂੰ ਉਥੇ ਲਿਜਾਇਆ ਗਿਆ।ਸ. ਸਤਨਾਮ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਪਿੱਛੇ ਅਜਿਹਾ ਕੋਈ ਕਾਰਨ ਨਹੀਂ ਸੀ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਸਫ਼ਾਈ ਇਲਾਜ ਜਾਂ ਕਿਸੇ ਹੋਰ ਬੰਦੋਬਸਤ ਦੀ ਕੋਈ ਘਾਟ ਨਜ਼ਰ ਆਈ ਹੋਵੇ, ਜਿਹਾ ਕਿ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨਿਰਮਲ ਸਿੰਘ ਸਮੇਤ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਸਮੇਤ ਉਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਲਾਜ ਸਹੂਲਤਾਂ ਅਤੇ ਹੋਰ ਸੇਵਾਵਾਂ ‘ਤੇ ਪੂਰਨ ਵਿਸ਼ਵਾਸ਼ ਹੈ ਪਰੰਤੂ ਕਿਸੇ ਨਿਜੀ ਅਤੇ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਹੀ ਉਨ੍ਹਾਂ ਨੂੰ ਇੱਕ ਨਿਜੀ ਹਸਪਤਾਲ ਦੀਆਂ ਸੇਵਾਵਾਂ ਲੈਣੀਆਂ ਪਈਆਂ ਹਨ। ਸ. ਸਤਨਾਮ ਸਿੰਘ ਨੇ ਹੋਰ ਕਿਹਾ ਕਿ ਸ. ਨਿਰਮਲ ਸਿੰਘ ਨੂੰ 7 ਸਤੰਬਰ ਨੂੰ ਹਸਪਤਾਲ ‘ਚੋਂ ਛੁੱਟੀ ਮਿਲ ਜਾਵੇਗੀ ਅਤੇ ਉਹ ਆਪਣੇ ਘਰ ਇਕਾਂਤਵਾਸ ਦਾ ਸਮਾਂ ਪੂਰਾ ਹੋਣ ਮਗਰੋਂ ਖ਼ੁਦ ਸਾਰੀ ਗੱਲ ਦਾ ਖੁਲਾਸਾ ਕਰ ਦੇਣਗੇ, ਕਿਉਂਕਿ ਉਹ ਆਪਣੀ ਵੀਡੀਓ ਵਿੱਚ ਪਹਿਲਾਂ ਹੀ ਇਹ ਆਖ ਚੁੱਕੇ ਸਨ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਖ਼ਿਲਾਫ਼ ਲੜੀ ਜਾ ਰਹੀ ਜੰਗ ਦਾ ਸਾਨੂੰ ਸਭ ਨੂੰ ਮਿਲਕੇ ਸਾਥ ਦੇਣਾਂ ਚਾਹੀਦਾ ਹੈ। ਸ. ਨਿਰਮਲ ਸਿੰਘ ਨੇ ਆਪਣੇ ਵੀਡੀਓ ਸੁਨੇਹੇ ‘ਚ ਖ਼ੁਦ ਕਿਹਾ ਸੀ ਕਿ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਸਮੇਤ ਹੋਰ ਅਮਲੇ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬੇਮਿਸਾਲ ਹਨ।

Share This :

Leave a Reply