ਮੱਛੀ ਪਾਲਣ ਦੇ ਕਿੱਤੇ ਲਈ ਪੰਚਾਇਤੀ ਅਤੇ ਨਿੱਜੀ ਜਮੀਨ ‘ਤੇ ਸਬਸਿਡੀ ਉਪਲਬਧ : ਡਾ. ਪ੍ਰੀਤੀ ਯਾਦਵ
ਮੱਛੀ ਪਾਲਕ ਰਣਜੋਧ ਸਿੰਘ ਨੇ ਸਾਂਝੇ ਕੀਤੇ ਆਪਣੇ ਤਜਰਬੇ
ਭਾਦਸੋਂ/ਨਾਭਾ/ਪਟਿਆਲਾ (ਤਰੁਣ ਮਹਿਤਾ) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਭਾਦਸੋਂ ਦੇ ਪਿੰਡ ਨਾਨੌਕੀ ਵਿਖੇ ਮੱਛੀ ਪਾਲਕ ਰਣਜੋਧ ਸਿੰਘ ਦੇ ਫਾਰਮ ਦਾ ਦੌਰਾ ਕੀਤਾ ਅਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਦਿੱਤੀ ਜਾਂਦੀ ਸਬਸਿਡੀ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਬੇਰੋਜ਼ਗਾਰ ਨੌਜਵਾਨ ਸਿਖਲਾਈ ਪ੍ਰਾਪਤ ਕਰਕੇ ਸਵੈ ਰੋਜ਼ਗਾਰ ਸ਼ੁਰੂ ਕਰ ਸਕਣ। ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਪਵਨ ਕੁਮਾਰ ਵੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਪੰਚਾਇਤੀ ਅਤੇ ਨਿੱਜੀ ਜ਼ਮੀਨ ‘ਤੇ ਸਬਸਿਡੀ ਦੀ ਸਹੂਲਤ ਉਪਲਬਧ ਹੈ, ਜਿਸ ਤਹਿਤ ਜਨਰਲ ਵਰਗ ਦੇ ਵਿਅਕਤੀ ਨੂੰ 40 ਫ਼ੀਸਦੀ ਅਤੇ ਰਿਜ਼ਰਵ ਵਰਗ ਲਈ 60 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਪਵਨ ਕੁਮਾਰ ਨੇ ਨੀਲੀ ਕ੍ਰਾਂਤੀ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਜਾ ਕਰ ਰਹੇ ਵਿਅਕਤੀਆਂ ਨੂੰ ਵਿਭਾਗ ਵੱਲੋਂ ਹਰ ਮਹੀਨੇ ਪੰਜ ਰੋਜ਼ਾ ਟਰੇਨਿੰਗ ਵੀ ਦਿੱਤੀ ਜਾਂਦੀ ਹੈ ਤਾਂ ਜੋ ਕਿੱਤੇ ਸਬੰਧੀ ਮੱਛੀ ਪਾਲਕਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾ ਸਕੇ।
ਹੈਚਰੀ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਕਾਰਜਕਾਰੀ ਅਫ਼ਸਰ ਕੇਸਰ ਸਿੰਘ ਨੇ ਮੱਛੀਆਂ ਦੀ ਬਰੀਡਿੰਗ ਸਬੰਧੀ ਅਤੇ ਪਾਲਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੱਛੀ ਪਾਲਕ ਰਣਜੋਧ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆ ਦੱਸਿਆ ਕਿ ਉਸ ਨੇ ਮੱਛੀ ਪਾਲਣ ਦਾ ਕਿੱਤਾ 1987 ‘ਚ ਵਿਭਾਗ ਤੋਂ ਲੋਨ ਅਤੇ ਸਬਸਿਡੀ ਦੀ ਸਹੂਲਤ ਪ੍ਰਾਪਤ ਕਰਕੇ 17 ਏਕੜ ਰਕਬੇ ‘ਚ ਸ਼ੁਰੂ ਕੀਤਾ ਅਤੇ ਸਾਲ 2005 ‘ਚ ਮੱਛੀ ਦਾ ਪੂੰਗ ਪੈਦਾ ਕਰਨ ਲਈ ਮੱਛੀ ਪੂੰਗ ਹੈਚਰੀ ਵੀ ਸਥਾਪਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਲ 50 ਲੱਖ ਰੁਪਏ ਦਾ ਮੱਛੀ ਪੂੰਗ ਸਪਲਾਈ ਕੀਤਾ ਜਾ ਚੁੱਕਾ ਹੈ।
ਮੱਛੀ ਪਾਲਕ ਰਣਜੋਧ ਸਿੰਘ ਨੇ ਮੁਨਾਫ਼ੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕਿੱਤੇ ‘ਚ ਕਣਕ ਅਤੇ ਝੋਨੇ ਨਾਲ ਮੁਨਾਫ਼ਾ ਜ਼ਿਆਦਾ ਹੁੰਦਾ ਹੈ ਅਤੇ ਉਹ ਜ਼ਮੀਨ ਦੇ ਠੇਕੇ ਦੇ ਖਰਚੇ ਕੱਢਕੇ 17 ਲੱਖ ਰੁਪਏ ਕਮਾ ਲੈਂਦਾ ਹੈ। ਉਸ ਨੇ ਦੱਸਿਆ ਕਿ ਮੱਛੀ ਦੇ ਮੰਡੀਕਰਨ ਵਿੱਚ ਵੀ ਕੋਈ ਔਕੜ ਨਹੀਂ ਆਉਂਦੀ। ਰਣਜੋਧ ਸਿੰਘ ਨੇ ਸੁਝਾਅ ਦਿੰਦਿਆ ਕਿਹਾ ਕਿ ਪੰਚਾਇਤੀ ਛੱਪੜਾਂ ਨੂੰ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਆਰ ਕਰਵਾਕੇ ਮੱਛੀ ਪਾਲਣ ਲਈ ਵਰਤਿਆ ਜਾ ਸਕਦਾ ਹੈ। ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਮੱਛੀ ਪੂੰਗ ਦੀ ਪੈਦਾਵਾਰ ਦਾ ਨਿਰੀਖਣ ਕੀਤਾ ਅਤੇ ਪ੍ਰੋਡਕਸ਼ਨ ਪੌਂਡ ਵਿੱਚ ਸੀਡ ਵੀ ਸਟਾਕ ਕੀਤਾ। ਇਸ ਮੌਕੇ ਮੱਛੀ ਪ੍ਰਸਾਰ ਅਫ਼ਸਰ ਗੁਰਜੀਤ ਸਿੰਘ ਵੀ ਹਾਜ਼ਰ ਸਨ।