ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲੀਆ ਦੇ ਸੂਬਾ ਵਿਕਟੋਰੀਆ ਵਿੱਚ ਕਰੋਨਾਵਾਇਰਸ ਤੇਜ਼ੀ ਨਾਲ ਫੈਲਦਾ ਹੀ ਜਾ ਰਿਹਾ ਹੈ ਅਤੇ ਰੋਜ਼ਾਨਾਂ ਸੈਂਕੜੇ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਜਿਸਦੇ ਚੱਲਦਿਆਂ ਮੈਡੀਕਲ ਖੇਤਰ ਤੋਂ ਕੁੱਝ ਚੰਗੀ ਖਬਰ ਮਿਲੀ ਹੈ ਕਿ ਆਸਟ੍ਰੇਲੀਆ ‘ਚ ਇਸ ਬਿਮਾਰੀ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਦੀ ਮਨਜ਼ੂਰੀ ਦਿੱਤੀ ਗਈ ਹੈ। ਨਾਲ ਹੀ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਰੇਮੇਡਿਸਵਿਰ ਦਵਾਈ ਦੀ ਵਰਤੋਂ ਨਾਲ ਕਰੋਨਾਵਾਇਰਸ ਦੇ ਠੀਕ ਹੋਣ ਦੇ ਸਮੇਂ ਵਿੱਚ ਤੇਜ਼ੀ ਤਾਂ ਆਉਂਦੀ ਹੈ ਪਰ ਇਹ ਇਲਾਜ, ਇਸ ਬਿਮਾਰੀ ਦਾ ਬਚਾਅ ਕਦੀ ਵੀ ਨਹੀਂ ਹੈ।
ਡਿਪਟੀ ਚੀਫ ਮੈਡੀਕਲ ਅਫਸਰ ਨਿੱਕ ਕੋਟਸਵਰਥ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਰੇਮੇਡਿਸਵਿਰ ਦਵਾਈ ਨਾਲ ਸੰਕਟ ਤੋਂ ਬਚਾਅ ਨਹੀਂ ਹੋ ਸਕਦਾ ਅਤੇ ਨਾ ਹੀ ਇਹ ਬਹੁਤ ਉਮੀਦ ਵਾਲਾ ਟੀਕਾ ਹੈ। ਰੇਮੇਡਿਸਵਿਅਰ ਦਾ ਨਿਰਮਾਣ ਕਰਨ ਵਾਲੀ ਕੰਪਨੀ ‘ਜਿਲੀਡ ਸਾਈੰਸਿਸ’ ਦੇ ਮੈਡੀਕਲ ਅਫਸਰ ਡਾ. ਪੌਲ ਸਲੇਡ ਅਨੁਸਾਰ ਇਸ ਦਵਾਈ ਨਾਲ ਮਰੀਜ਼ 30% ਤੇਜ਼ੀ ਨਾਲ ਠੀਕ ਹੋ ਸਕਦੇ ਹਨ ਅਤੇ ਇਸ ਨਾਲ ਹਸਪਤਾਲਾਂ ਤੋਂ ਬੋਝ ਘਟੇਗਾ।ਯੂਨਿਵਰਸਿਟੀ ਆਫ ਮੈਲਬਰਨ ਦੇ ਬਾਓਕੈਮਿਸਟ ਸਟੂਆਰ ਰਾਲਫ ਨੇ ਯੂਰਪ ਸਮੇਤ ਬਾਕੀ ਦੇ ਸੰਸਾਰ ਲਈ ਉਪਲਬਧ ਇਸ ਦਵਾਈ ਦੀ ਘੱਟ ਮਾਤਰਾ ‘ਤੇ ਚਿੰਤਾ ਪ੍ਰਗਟਾਈ ਹੈ ਅਤੇ ਕਈ ਸਿਹਤ ਮਾਹਰਾਂ ਨੇ ਯੂ ਐਸ ਵਲੋਂ ਇਸ ਦਵਾਈ ਦੇ ਭੰਡਾਰਨ ‘ਤੇ ਚਿੰਤਾ ਵੀ ਪ੍ਰਗਟਾਈ ਹੈ। ਹਾਲਾਂਕਿ ਕੰਪਨੀ ਦਾ ਦਾਅਵਾ ਹੈ ਕਿ ਉਸਨੇ ਇਸ ਦਵਾਈ ਦੀਆਂ 1.5 ਮਿਲੀਅਨ ਸ਼ੀਸ਼ੀਆਂ ਆਸਟ੍ਰੇਲੀਆ ਸਮੇਤ ਸੰਸਾਰ ਭਰ ਵਿੱਚ ਦਾਨ ਕੀਤੀਆਂ ਹਨ ਅਤੇ ਸਤੰਬਰ ਤੱਕ ਹੋਰ ਵੀ ਬਣਾਏ ਜਾਣ ਦੀ ਉਮੀਦ ਜਤਾਈ ਹੈ।
ਵਿਕਟੋਰੀਆ ਦੇ ਚੀਫ ਸਿਹਤ ਅਧਿਕਾਰੀ ਨੇ ਕਰੋਨਾਵਾਇਰਸ ਦੇ ਤੇਜ਼ ਫੈਲਾਅ ਉੱਤੇ ਚਿੰਤਾ ਪ੍ਰਗਟਾਈ ਹੈ। ਉਹਨਾਂ, ਜਿੱਥੇ ਸਮਾਜਕ ਦੂਰੀ ਦੀ ਪਾਲਣਾ ਸੰਭਵ ਨਹੀਂ ਹੈ ਉੱਥੇ ਮਾਸਕ ਪਾਏ ਜਾਣ ਦੀ ਸਲਾਹ ਦਿੱਤੀ ਹੈ। ਆਸਟ੍ਰੇਲੀਆ ਵਿੱਚ ਹੁਣ ਤੱਕ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 116 ਹੋ ਚੁੱਕੀ ਹੈ।