ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਜਿੰਦਗੀ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਹਨਾਂ ਤੇ ਯਕੀਨ ਕਰਨਾ ਮੁਸਕਿਲ ਹੁੰਦਾ ਹੈ। ਅਜਿਹਾ ਹੀ ਇੱਕ ਵਾਕਿਆ ਨਿਊ ਮੈਕਸੀਕੋ ਦੇ ਵਿਅਕਤੀ ਨਾਲ ਹੋਇਆ ਹੈ,ਜੋ ਕਿ ਘਰੇਲੂ ਸਮਾਨ ਲੈਣ ਸਟੋਰ ਵਿੱਚ ਗਿਆ ਸੀ ਅਤੇ ਵਾਪਸੀ ਤੇ ਉਸਨੇ ਹਜਾਰਾਂ ਮਧੂ ਮੱਖੀਆਂ ਨੂੰ ਆਪਣੀ ਕਾਰ ਦੀ ਪਿਛਲੀ ਸੀਟ ਤੇ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਇੱਕ ਆਦਮੀ, ਜਿਸਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ,ਲਾਸ ਕਰੂਸਿਜ਼ ਦੇ ਐਲਬਰਟਸਨ ਕਰਿਆਨਾ ਸਟੋਰ ਵਿੱਚ ਗਿਆ ਸੀ ਅਤੇ ਉਸਨੇ ਖਰੀਦਾਰੀ ਕਰਦੇ ਸਮੇਂ ਕਾਰ ਦੀਆਂ ਖਿੜਕੀਆਂ ਨੂੰ ਖੁੱਲ੍ਹਾ ਛੱਡ ਦਿੱਤਾ ਸੀ। ਜਿਸਦੇ ਬਾਅਦ ਵਾਪਸੀ ਸਮੇਂ ਮਧੂ ਮੱਖੀਆਂ ਨੇ ਉਸਦੀ ਕਾਰ ਵਿੱਚ ਡੇਰਾ ਜਮ੍ਹਾਂ ਲਿਆ। ਇਸ ਦੀ ਸੂਚਨਾ ਮਿਲਦਿਆਂ ਲਾਸ ਕਰੂਸਿਜ਼ ਫਾਇਰ ਵਿਭਾਗ ਨੇ ਜਲਦੀ ਹੀ ਕਾਰਵਾਈ ਕੀਤੀ ਅਤੇ ਕਰਮਚਾਰੀਆਂ ਦੁਆਰਾ ਨੇੜਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਮਧੂ ਮੱਖੀਆਂ ਤੋਂ ਬਚਾਉਣ ਲਈ ਆਸਪਾਸ ਦੇ ਖੇਤਰ ਨੂੰ ਬੰਦ ਕਰ ਦਿੱਤਾ।
ਇਸ ਦੌਰਾਨ ਇੱਕ ਫਾਇਰ ਫਾਈਟਰ ਜੈਸੀ ਜਾਨਸਨ ਨੇ ਮਧੂ ਮੱਖੀ ਪਾਲਕ ਵਜੋਂ ਆਪਣੇ ਤਜ਼ਰਬੇ ਦੀ ਵਰਤੋਂ ਕੀਤੀ ,ਅਤੇ ਮਧੂ ਮੱਖੀਆਂ ਨੂੰ ਬਾਹਰ ਕੱਢਣ ਲਈ ਲੋੜੀਂਦੀ ਹਰ ਚੀਜ਼ ਜਿਵੇਂ ਕਿ ਇੱਕ ਹਾਈਵ ਕਿੱਟ, ਲੈਮਨਗ੍ਰਾਸ ਤੇਲ, ਦਸਤਾਨੇ ਅਤੇ ਪਹਿਰਾਵੇ ਆਦਿ ਦੀ ਵਰਤੋਂ ਕੀਤੀ। ਅਧਿਕਾਰੀਆਂ ਅਨੁਸਾਰ ਉਸਨੇ ਜਲਦੀ ਹੀ ਮਧੂਮੱਖੀਆਂ ਨੂੰ ਵਧੇਰੇ ਢੁੱਕਵੀਂ ਥਾਂ ਤੇ ਤਬਦੀਲ ਕਰ ਦਿੱਤਾ। ਅੱਗ ਬੁਝਾਊ ਵਿਭਾਗ ਦੇ ਅੰਦਾਜ਼ੇ ਅਨੁਸਾਰ ਤਕਰੀਬਨ 15,000 ਮਧੂ ਮੱਖੀਆਂ ਨੂੰ ਕਾਰ ਵਿੱਚੋਂ ਹਟਾਇਆ ਗਿਆ ਅਤੇ ਇਸ ਕੋਸ਼ਿਸ਼ ਵਿੱਚ ਤਕਰੀਬਨ ਦੋ ਘੰਟੇ ਲੱਗੇ। ਇਸ ਦੌਰਾਨ ਕੋਈ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ। ਅਧਿਕਾਰੀਆਂ ਅਨੁਸਾਰ ਅੱਗ ਬੁਝਾਊ ਵਿਭਾਗ ਆਮ ਤੌਰ ਤੇ ਮਧੂ ਮੱਖੀਆਂ ਦੇ ਝੁੰਡ ਨੂੰ ਨਹੀਂ ਹਟਾਉਂਦਾ, ਪਰ ਇਸ ਖੇਤਰ ਵਿੱਚ ਜ਼ਿਆਦਾ ਟ੍ਰੈਫਿਕ ਕਾਰਨ ਉਹਨਾਂ ਕਾਰਵਾਈ ਕੀਤੀ।






















