ਖੰਨਾ (ਪਰਮਜੀਤ ਸਿੰਘ ਧੀਮਾਨ) -ਅੱਜ ਇਥੇ ਆਮ ਆਦਮੀ ਪਾਰਟੀ ਦੇ ਮੈਬਰਾਂ ਤੇ ਵਰਕਰਾਂ ਦੀ ਇੱਕਤਰਤਾ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ ਦੀ ਅਗਵਾਈ ਹੇਠਾਂ ਹੋਈ। ਇਸ ਮੌਕੇ ਬੋਲਦਿਆਂ ਸ੍ਰੀ ਕੂਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁਝ ਸਮੇਂ ਬਾਅਦ ਬਿਜਲੀ ਯੂਨਿਟ ਦੇ ਰੇਟ ਵਿਚ ਵਾਧਾ ਕਰਕੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ, ਜਦੋਂ ਕਿ ਸਰਕਾਰ ਆਪ ਬਿਜਲੀ ਤਿਆਰ ਕਰਦੀ ਹੈ। ਦੂਜੇ ਪਾਸੇ ਦਿੱਲੀ ਵਿਚ ਕੇਜਰੀਵਾਲ ਸਰਕਾਰ ਬਿਜਲੀ ਦੂਜੇ ਰਾਜਾਂ ਤੋਂ ਖ਼੍ਰੀਦ ਕੇ 200 ਯੂਨਿਟ ਮਾਫ਼ ਅਤੇ ਇਸ ਤੋਂ ਉੱਪਰ 2 ਰੁਪਏ ਪ੍ਰਤੀ ਯੂਨਿਟ ਦੇ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਯੂਨਿਟਾਂ ਵਿਚ ਵਾਧਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ, ਖਾਦਾਂ ਅਤੇ ਹੋਰ ਘਰੇਲੂ ਚੀਜ਼ਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਮਹਿੰਗਾਈ ਨਾਲ ਆਮ ਲੋਕਾਂ ਦਾ ਲੱਕ ਤੋੜ ਰਹੀ ਹੈ।
ਉਪਰੋਕਤ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥਾਂ ਵਿਚ ਫ਼ੜ੍ਹ ਕੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹ ਘਰ ਘਰ ਨੌਕਰੀ ਦੇਣ, ਸਮਾਰਟ ਫੋਨ, ਜ਼ਹਿਰੀਲੀ ਸ਼ਰਾਬ ਨੂੰ ਨੱਥ ਪਾਉਣ, ਪੈਟਰੋਲ ਡੀਜ਼ਲ ਤੇ ਰਸੋਈ ਗੈਸ ਤੇ ਲੱਗੇ ਟੈਕਸ ਨੂੰ ਵਾਪਸ ਲੈਣ ਦੇ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਰਹੇ। ਉਨ੍ਹਾਂ ਦੇ ਰਾਜ ਵਿਚ ਮਹਿੰਗਾਈ ਰੁਕਣ ਦੀ ਥਾਂ ਵੱਧਦੀ ਜਾ ਰਹੀ ਹੈ, ਪੜ੍ਹੇ ਲਿਖੇ ਨੌਜਵਾਨ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਇਸ ਵਿਰੁੱਧ ਆਪ ਪਾਰਟੀ ਵੱਲੋਂ ਜਨ ਅੰਦੋਲਨ ਅਰੰਭ ਕੀਤਾ ਜਾਵੇਗਾ, ਜਿਸ ਵਿਚ ਬਿਜਲੀ ਦੇ ਬਿੱਲ ਸਾੜੇ ਜਾਣਗੇ ਅਤੇ ਜਦੋਂ ਤੱਕ ਸਰਕਾਰ ਬਿਜਲੀ ਦੇ ਰੇਟ ਨਹੀਂ ਘਟਾਉਂਦੀ ਜਾਰੀ ਰਹਿਣਗੇ। ਇਸ ਮੌਕੇ ਸੁਖਵਿੰਦਰ ਸਿੰਘ, ਰਾਜਵੀਰ ਸ਼ਰਮਾ, ਵਰਿੰਦਰ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਅਨਿਲ ਦੱਤ ਫੱਲੀ, ਅਮਿਤ ਬਾਂਸਲ, ਧਰਮਿੰਦਰ ਸਿੰਘ ਰੂਪਰਾਏ, ਲਛਮਣ ਸਿੰਘ ਗਰੇਵਾਲ, ਲਖਵੀਰ ਸਿੰਘ ਔਜਲਾ, ਸੁਖਮਨਜੀਤ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।






















