ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਸਨ ਗੈਬਰੀਏਲ ਵਿਚ ਤੜਕਸਾਰ ਲੱਗੀ ਅੱਗ ਨਾਲ ਇਕ 250 ਸਾਲ ਪੁਰਾਣਾ ਚਰਚ ਬੁਰੀ ਤਰਾਂ ਸੜ ਗਿਆ। ਇਸ ਚਰਚ ਦੀ 250 ਵੀਂ ਵਰੇ ਗੰਢ ਮਨਾਉਣ ਲਈ ਇਸ ਦਾ ਨਵੀਨੀਕਰਨ ਕੀਤਾ ਜਾ ਰਿਹਾ ਸੀ। ਚਰਚ ਦੀ ਛੱਤ ਤੇ ਜਿਆਦਾਤਰ ਅੰਦਰਲਾ ਹਿੱਸਾ ਸੜ ਕੇ ਸਵਾਹ ਹੋ ਗਿਆ। ਅੱਗ ਬੁਝਾਊ ਵਿਭਾਗ ਨੂੰ ਸਵੇਰੇ 4 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਸਨ ਗੈਬਰੀਏਲ ਫਾਇਰ ਕੈਪਟਨ ਪਾਲ ਨੈਗਰੇਟ ਨੇ ਦਸਿਆ ਕਿ ਅੱਗ ਬੁਝਾਊ ਅਮਲੇ ਨੇ ਚਰਚ ਵਿਚ ਦਾਖਲ ਹੋ ਕੇ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਪਰ ਜਦੋਂ ਛੱਤ ਤੇ ਹੋਰ ਢਾਂਚਾ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਤਾਂ ਉਨਾਂ ਨੂੰ ਬਾਹਰ ਆਉਣਾ ਪਿਆ। ਉਨਾਂ ਦਸਿਆ ਕਿ 50 ਅੱਗ ਬੁਝਾਊ ਕਰਮਚਾਰੀਆਂ ਨੇ 50 ਫੁੱਟ ਉੱਚੇ ਢਾਂਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।