194 ਸਾਲ ਪੁਰਾਣੀ ਲਾਰਡ ਐਂਡ ਟੇਲਰ ਕੰਪਨੀ ਵੱਲੋਂ ਆਪਣੇ ਸਾਰੇ ਸਟੋਰ ਬੰਦ ਕਰਨ ਦਾ ਫੈਸਲਾ, ਕਰਜਾ ਮੋੜਨ ਲਈ ਵਿਕਰੀ ਕੀਤੀ ਸ਼ੁਰੂ

ਇਕ ਲਾਰਡ ਐਂਡ ਟੇਲਰ ਸਟੋਰ ਦਾ ਬਾਹਰੀ ਦ੍ਰਿਸ਼

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਲਾਰਡ ਐਂਡ ਟੇਲਰ ਜਿਸ ਨੇ 194 ਸਾਲ ਪਹਿਲਾਂ 1826 ਵਿਚ ਨਿਊਯਾਰਕ (ਅਮਰੀਕਾ) ਵਿਚ ਆਪਣਾ ਪਹਿਲਾ ਸਟੋਰ ਖੋਲਿਆ ਸੀ, ਨੇ ਮੰਦੇ ਦੇ ਚਲਦਿਆਂ ਆਪਣਾ ਕਾਰੋਬਾਰ ਸਮੇਟਣ ਦਾ ਫੈਸਲਾ ਕੀਤਾ ਹੈ ਤੇ ਉਹ ਆਪਣੇ ਸਾਰੇ ਸਟੋਰ ਬੰਦ ਕਰ ਰਹੀ ਹੈ। ਆਪਣੇ ਆਪ ਨੂੰ ਦਿਵਾਲਿਆ ਐਲਾਨ ਚੁੱਕੀ ਕੰਪਨੀ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਉਹ ਆਪਣੇ ਰਹਿੰਦੇ ਸਾਰੇ 38 ਸਟੋਰ ਬੰਦ ਕਰ ਰਹੀ ਹੈ। ਪਿੱਛਲੇ ਹਫ਼ਤੇ ਕੰਪਨੀ ਨੇ 14 ਸਟੋਰਾਂ ਨੂੰ ਖੋਲਣ ਦਾ ਨਿਰਨਾ ਲਿਆ ਸੀ ਪਰ ਹੁਣ ਕੰਪਨੀ ਨੇ ਬੇਵੱਸੀ ਜਾਹਿਰ ਕੀਤੀ ਹੈ। ਕੰਪਨੀ ਨੇ ਕਰਜਾ ਮੋੜਨ ਲਈ ਸਮਾਨ ਦੀ ਸਸਤੇ ਭਾਅ ਵਿਕਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਲਾਰਡ ਐਂਡ ਟੇਲਰ ਦੇ ਮੁੱਖੀ ਐਡ ਕਰੈਮਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਜੇ ਸਾਡੇ ਕੋਲ ਵੱਖ ਵੱਖ ਅਵਸਰ ਹਨ ਤੇ ਸਾਡਾ ਵਿਸ਼ਵਾਸ਼ ਹੈ ਕਿ ਸਿਆਣਪ ਇਸੇ ਵਿਚ ਹੈ ਕਿ ਸਟੋਰਾਂ ਵਿਚ ਰਹਿੰਦੇ ਸਮਾਨ ਨੂੰ ਸਸਤੇ ਵਿਚ ਵੇਚ ਦਿੱਤਾ ਜਾਵੇ। ਲਾਰਡ ਐਂਡ ਟੇਲਰ ਨੇ 2 ਅਗਸਤ ਨੂੰ ਆਪਣੇ ਆਪ ਨੂੰ ਦਿਵਾਲਿਆ ਐਲਾਨਿਆ ਸੀ। ਸ਼ੁਰੂ ਵਿਚ ਇਸ ਨੇ ਐਲਾਨ ਕੀਤਾ ਸੀ ਕਿ 19 ਸਟੋਰ ਬੰਦ ਕੀਤੇ ਜਾਣਗੇ ਪਰ ਹਫਤੇ ਬਾਅਦ ਕੰਪਨੀ ਨੇ ਵੇਚੇ ਜਾਣ ਵਾਲੇ ਸਟੋਰਾਂ ਦੀ ਗਿਣਤੀ ਵਧਾਕੇ 24 ਕਰ ਦਿੱਤੀ ਸੀ। ਹੁਣ ਕੰਪਨੀ ਨੇ ਕਿਹਾ ਹੈ ਕਿ ਉਸ ਦੀ ਬੇਹਤਰੀ ਇਸੇ ਵਿਚ ਹੈ ਕਿ ਸਾਰੇ ਸਟੋਰ ਬੰਦ ਕਰ ਦਿੱਤੇ ਜਾਣ।

Share This :

Leave a Reply