ਭੁੱਖੇ ਪੇਟ 20 ਕਿੱਲੋਮੀਟਰ ਪੈਦਲ ਚੱਲੇ, ਹੁਣ ਵਾਪਸੀ ਦੀ ਚਿੰਤਾ!
ਤਰਨਤਾਰਨ, ਮੀਡੀਆ ਬਿਊਰੋ:
ਅਸਮਾਨ ‘ਚ ਗੂੰਜਦੇ ਲੜਾਕੂ ਜਹਾਜ਼ਾਂ ਦੀ ਆਵਾਜ਼ ਅਤੇ ਭਿਆਨਕ ਬੰਬਾਰੀ ਯੂਕਰੇਨ ‘ਚ ਫਸੇ ਪੰਜਾਬੀਆਂ ਦੇ ਹੌਂਸਲੇ ਨੂੰ ਤੋੜ ਨਹੀਂ ਸਕੀ। ਰੂਸ ਅਤੇ ਯੂਕਰੇਨ ‘ਚ ਵਿਗੜਦੇ ਹਾਲਾਤ ਕਾਰਨ ਪੰਜਾਬ ਦੇ 18 ਨੌਜਵਾਨਾਂ ਨੇ ਕੀਵ ਤੋਂ ਲਵੀਵ (ਪੋਲੈਂਡ ਦੀ ਸਰਹੱਦ ਤਕ) ਤਕ ਤਿੰਨ ਵਾਹਨਾਂ ‘ਚ ਰਾਤੋ-ਰਾਤ 550 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਵੀਰਵਾਰ ਸਵੇਰੇ ਪੰਜ ਵਜੇ (ਕੀਵ ਟਾਈਮ) ‘ਤੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣ ਕੇ ਜਦੋਂ ਇਹ ਨੌਜਵਾਨ ਛੋਟੇ ਵਾਹਨਾਂ ‘ਚ ਲਵੀਵ ਲਈ ਰਵਾਨਾ ਹੋਏ ਤਾਂ ਰਸਤੇ ‘ਚ ਉਨ੍ਹਾਂ ਨੂੰ ਟੈਂਕਾਂ ਦਾ ਕਾਫਲਾ ਵੀ ਮਿਲਿਆ।
ਸਾਰੀ ਰਾਤ ਸੁੱਤੇ ਨਹੀਂ, ਪੈਦਲ ਚੱਲਣ ਨਾਲ ਪੈਰਾਂ ‘ਚ ਪਏ ਛਾਲੇ, ਫਿਰ ਵੀ ਨਹੀਂ ਛੱਡਿਆ ਹੌਸਲਾ
ਇਹ ਨੌਜਵਾਨ ਵੀਰਵਾਰ-ਸ਼ੁੱਕਰਵਾਰ ਦੀ ਰਾਤ ਸੁੱਤੇ ਨਹੀਂ। ਘਬਰਾਹਟ ਤੇ ਡਰ ਦੇ ਦੌਰਾਨ ਇੱਕ-ਦੂਜੇ ਨੂੰ ਹੌਸਲਾ ਦਿੰਦੇ ਹੋਏ ਉਹ ਲਵੀਵ ਵੱਲ ਵਧੇ, ਪਰ ਪੋਲੈਂਡ ਦੀ ਸਰਹੱਦ ‘ਤੇ ਪਹੁੰਚਣ ਤੋਂ 20 ਕਿਲੋਮੀਟਰ ਪਹਿਲਾਂ, ਜਿਨ੍ਹਾਂ ਵਾਹਨਾਂ ‘ਚ ਇਹ ਨੌਜਵਾਨ ਜਾ ਰਹੇ ਸਨ, ਉਨ੍ਹਾਂ ਨੂੰ ਆਟੋਮੈਟਿਕ ਸਿਸਟਮ ਵੱਲੋਂ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਕਿ ਹੁਣ ਉਨ੍ਹਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ। ਜਾਨ ਦੀ ਦੁਹਾਈ ਦਿੰਦੇ ਇਹ ਅਰਬ ਦੇਸ਼ ਵਿੱਚ ਰਹਿੰਦੇ ਕਾਰ ਮਾਲਕਾਂ ਤੋਂ ਮਦਦ ਮੰਗਦੇ ਰਹੇ ਪਰ ਉਸ ਨੂੰ ਇਨ੍ਹਾਂ ਨੌਜਵਾਨਾਂ ’ਤੇ ਕੋਈ ਤਰਸ ਨਹੀਂ ਆਇਆ। ਇਸ ਤੋਂ ਬਾਅਦ ਇੱਥੋਂ ਉਹ ਭੁੱਖੇ-ਪਿਆਸੇ ਪੋਲੈਂਡ ਬਾਰਡਰ ਲਈ ਪੈਦਲ ਚੱਲ ਪਏ। ਕਈ ਸਾਥੀਆਂ ਦਾ ਪਿਆਸ ਨਾਲ ਗਲ਼ਾ ਸੁੱਕਣ ਲੱਗਾ, ਪਰ ਸਹਿਮੇ ਹੋਏ ਸਾਰੇ ਇੱਕ ਦੂਜੇ ਨੂੰ ਹੌਸਲਾ ਦਿੰਦੇ ਰਹੇ। ਉਨ੍ਹਾਂ ਦੇ ਪੈਰਾਂ ਵਿਚ ਛਾਲੇ ਹੋ ਗਏ। ਇਨ੍ਹਾਂ ਵਿੱਚੋਂ ਸੱਤ ਨੌਜਵਾਨ ਪੋਲੈਂਡ ਦੀ ਸਰਹੱਦ ਅੰਦਰ ਦਾਖ਼ਲ ਹੋ ਗਏ ਹਨ ਪਰ 11 ਅਜੇ ਵੀ ਫਸੇ ਹੋਏ ਹਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੇਠੂਵਾਲ ਦੇ ਵਸਨੀਕ ਜਗਜੀਤ ਸਿੰਘ ਸੰਨੀ ਨੇ ਦੱਸਿਆ ਕਿ ਜੁਗਰਾਜ ਸਿੰਘ, ਹਰਜਿੰਦਰ ਸਿੰਘ, ਜਤਿੰਦਰ ਸਿੰਘ, ਕਮਲਜੀਤ ਸਿੰਘ ਸਮੇਤ ਕੁੱਲ 11 ਭਾਰਤੀ ਨੌਜਵਾਨ ਅਜੇ ਵੀ ਉਸ ਨਾਲ ਫਸੇ ਹੋਏ ਹਨ। ਉਨ੍ਹਾਂ ਸਾਰਿਆਂ ਨੇ ਯੂਕਰੇਨ ਦੀ ਕੀਵ ਯੂਨੀਵਰਸਿਟੀ ਤੋਂ ਐਮਬੀਬੀਐਸ ਦੀ ਪੜ੍ਹਾਈ ਕਰਦੇ ਸਨ। ਜੁਗਰਾਜ ਨੇ ਦੱਸਿਆ ਕਿ ਉਸ ਨੂੰ ਵਾਰ-ਵਾਰ ਪਰਿਵਾਰਕ ਮੈਂਬਰਾਂ ਦੇ ਸੁਨੇਹੇ ਆ ਰਹੇ ਹਨ ਕਿ ਉਹ ਹੋਰ ਪੈਸੇ ਭੇਜ ਰਹੇ ਹਨ, ਪਰ ਉਹ ਪੈਸੇ ਕਿੱਥੇ ਖਰਚ ਕਰਨਗੇ, ਕੁਝ ਸਮਝ ਨਹੀਂ ਆ ਰਿਹਾ। ਰਸਤੇ ਵਿੱਚ ਸਾਰੇ ਮਾਲ ਬੰਦ ਹਨ। ਖਾਣ-ਪੀਣ ਦਾ ਸਾਮਾਨ ਵੀ ਨਹੀਂ ਮਿਲਦਾ।
ਦਸਤਾਵੇਜ਼ਾਂ ਦੀ ਘਾਟ ਕਾਰਨ ਪੋਲੈਂਡ ਨੇ ਨਹੀਂ ਦਿੱਤੀ ਪਨਾਹ
ਬਟਾਲਾ ਦੇ ਵਸਨੀਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਪਰਿਵਾਰਕ ਮੈਂਬਰਾਂ ‘ਚ ਚਿੰਤਾ ਹੈ, ਦੂਜੇ ਪਾਸੇ ਪੋਲੈਂਡ ਦੀ ਸਰਹੱਦ ਪਾਰ ਕਰਨ ਦੀ ਚਿੰਤਾ। ਪੋਲੈਂਡ ਸਰਹੱਦ ‘ਤੇ ਪਹੁੰਚਣ ‘ਤੇ ਉਸ ਨੂੰ ਇਹ ਕਹਿ ਕੇ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਉਸ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹਨ। ਅਸੀਂ ਵਾਸਤਾ ਦਿੰਦੇ ਰਹੇ ਕਿ ਮਸਾਂ ਜਾਨ ਬਚਾ ਕੇ ਭੱਜ ਸਕੇ ਹਾਂ। ਅਜਿਹੀ ਸਥਿਤੀ ਵਿੱਚ ਦਸਤਾਵੇਜ਼ਾਂ ਨੂੰ ਕੋਲ ਰੱਖਣਾ ਸੰਭਵ ਨਹੀਂ ਸੀ।
ਕਮਲਜੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ ’ਤੇ ਵਾਰ-ਵਾਰ ਸੰਪਰਕ ਕੀਤਾ ਗਿਆ ਪਰ ਜ਼ਿਆਦਾਤਰ ਨੰਬਰ ਅਜਿਹੇ ਹਨ ਜਿਨ੍ਹਾਂ ’ਤੇ ਕੋਈ ਸੰਪਰਕ ਨਹੀਂ ਹੋ ਰਿਹਾ। ਜੇਕਰ ਕੋਈ ਫੋਨ ਚੁੱਕਦਾ ਹੈ ਤਾਂ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਦਾ। ਜਗਜੀਤ ਸਿੰਘ ਨੇ ਦੱਸਿਆ ਕਿ ਪੋਲੈਂਡ ‘ਚ ਬਿਨਾਂ ਕਿਸੇ ਵਾਹਨ ਦੇ ਕਿਸੇ ਨੂੰ ਵੀ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ, ਜਿਸ ਕਾਰਨ ਫਸੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ |