ਪੰਜਾਬੀ ਗਾਇਕ ਗਿੱਪੀ ਗ੍ਰੇਵਾਲ ਦੇ ਪਾਕਿਸਤਾਨ ਜਾਣ ‘ਤੇ ਲੱਗੀ ਰੋਕ, ਵਾਹਗਾ ਬਾਰਡਰ ‘ਤੇ ਹੀ ਰੋਕਿਆ

ਨਵੀਂ ਦਿੱਲੀ, ਮੀਡੀਆ ਬਿਊਰੋ:

ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਅਟਾਰੀ ਚੈੱਕਪੋਸਟ ’ਤੇ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ। ਇਵੈਕਿਊ ਪ੍ਰਾਪਰਟੀ ਟਰੱਸਟ ਬੋਰਡ ਦੇ ਸੂਤਰਾਂ ਮੁਤਾਬਕ, ਉਨ੍ਹਾਂ ਨੇ ਕਰਤਾਰਪੁਰ ਜਾਣਾ ਸੀ ਤੇ ਸਰਹੱਦ ’ਤੇ ਉਨ੍ਹਾਂ ਦੇ ਸਵਾਗਤ ਲਈ ਪ੍ਰਬੰਧ ਵੀ ਕੀਤੇ ਗਏ ਸਨ। ਡਾਨ ਅਖਬਾਰ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਰਤਾਰਪੁਰ ਸਾਹਿਬ ਸਵੇਰੇ 9.30 ਵਜੇ ਜਾਣਾ ਸੀ ਤੇ ਦੁਪਹਿਰ ਨੂੰ 3.30 ਵਜੇ ਲਾਹੌਰ ਵਾਪਸ ਆ ਜਾਣਾ ਸੀ। ਇਸ ਮਗਰੋਂ ਗਿੱਪੀ ਨੇ ਗਵਰਨਰ ਹਾਊਸ ’ਚ ਰਿਸੈਪਸ਼ਨ ਪਾਰਟੀ ’ਚ ਹਿੱਸਾ ਲੈਣਾ ਸੀ। ਇਕ ਹੋਰ ਸੂਤਰ ਮੁਤਾਬਕ ਗਿੱਪੀ ਗਰੇਵਾਲ ਨੇ ਵਾਹਗਾ ਬਾਰਡਰ ਦੇ ਰਸਤੇ ਦੋ ਦਿਨਾ ਯਾਤਰਾ ’ਤੇ ਪਾਕਿਸਤਾਨ ਜਾਣਾ ਸੀ ਤੇ ਉਨ੍ਹਾਂ ਨਾਲ ਛੇ ਤੋਂ ਸੱਤ ਹੋਰ ਲੋਕਾਂ ਨੇ ਵੀ ਜਾਣਾ ਸੀ ਪਰ ਉਨ੍ਹਾਂ ਨੂੰ ਅਟਾਰੀ ਚੈੱਕਪੋਸਟ ’ਤੇ ਰੋਕ ਦਿੱਤਾ ਗਿਆ। ਉਨ੍ਹਾਂ ਨੇ ਲਾਹੌਰ ’ਚ ਗੁਰਦੁਆਰਾ ਦਰਬਾਰ ਸਾਹਿਬ ’ਚ ਵੀ ਜਾਣਾ ਸੀ ਤੇ ਉ ਤੋਂ ਬਾਅਦ ਗਵਰਨਰ ਹਾਊਸ ’ਚ ਮੀਟਿੰਗ ’ਚ ਹਿੱਸਾ ਲੈਣਾ ਸੀ। ਅਗਲੇ ਦਿਨ ਉਨ੍ਹਾਂ ਨੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਸੀ।

ਡਾਨ ਦੀ ਖ਼ਬਰ ’ਚ ਕਿਹਾ ਗਿਆ ਹੈ ਕਿ ਆਪਣੀ ਯਾਤਰਾ ਦੌਰਾਨ ਗਿੱਪੀ ਨੇ ਕਈ ਮੀਟਿੰਗਾਂ ’ਚ ਹਿੱਸਾ ਲੈਣਾ ਸੀ। ਸੂਤਰਾਂ ਨੇ ਕਿਹਾ ਕਿ ਪਿਛਲੀ ਵਾਰੀ ਜਦੋਂ ਗਿੱਪੀ ਪਾਕਿਸਤਾਨ ਗਏ ਸਨ ਤਾਂ ਉਹ ਲੋਕਾਂ ’ਚ ਘੁਲ-ਮਿਲ ਗਏ ਸਨ ਤੇ ਉਨ੍ਹਾਂ ’ਚ ਬਹੁਤ ਉਤਸ਼ਾਹ ਸੀ। ਉਨ੍ਹਾਂ ਦੀ ਯਾਤਰਾ ਨੂੰ ਪਾਕਿਸਤਾਨੀ ਮੀਡੀਆ ’ਚ ਵਿਸਥਾਰਤ ਕਵਰੇਜ ਦਿੱਤੀ ਗਈ ਸੀ। ਗਿੱਪੀ ਗਰੇਵਾਲ ਪਾਕਿਸਤਾਨ ’ਚ, ਖਾਸ ਤੌਰ ’ਤੇ ਪਾਕਿਸਤਾਨੀ ਲੋਕਾਂ ’ਚ ਬਹੁਤ ਹੀ ਹਰਮਨ ਪਿਆਰੇ ਹਨ।

Share This :

Leave a Reply