ਦੋ ਪੜਾਵਾਂ ‘ਚ ਹੋਵੇਗੀ ਪ੍ਰੀਖਿਆ !
ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬ ਯੂਨੀਵਰਸਿਟੀ ਅਤੇ ਮਾਨਤਾ ਪ੍ਰਾਪਤ 195 ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਕਿਸੇ ਕਾਰਨ ਡਿਗਰੀ ਪੂਰੀ ਨਾ ਕਰਨ ਸਕਣ ਵਾਲੇ, ਕੰਪਾਰਟਮੈਂਟ ਕਲੀਅਰ ਕਰਨ ਅਤੇ ਇੰਪਰੂਵਮੈਂਟ ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਪੀਯੂ ਨੇ ਗੋਲਡਨ ਚਾਂਸ ਦੇਣ ਦਾ ਫ਼ੈਸਲਾ ਕੀਤਾ ਹੈ। ਪੀਯੂ ਦੀ ਐਤਵਾਰ ਨੂੰ ਹੋਈ ਸੈਨੇਟ ਮੀਟਿੰਗ ਵਿਚ ਗੋਲਡਨ ਚਾਂਸ ਦੇਣ ’ਤੇ ਸਹਿਮਤੀ ਬਣ ਗਈ ਹੈ। ਕਈ ਸੈਨੇਟਰ ਦੀ ਮੰਗ ’ਤੇ ਗੋਲਡਨ ਚਾਂਸ ਦੇਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮਾਮਲੇ ਵਿਚ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਨੂੰ ਜ਼ਰੂਰੀ ਕਾਰਵਾਈ ਦੇ ਨਿਰਦੇਸ਼ ਵੀ ਸੈਨੇਟ ਮੀਟਿੰਗ ਵਿਚ ਹੀ ਕੁਲਪਤੀ ਪ੍ਰੋ. ਰਾਜ ਕੁਮਾਰ ਵੱਲੋਂ ਦੇ ਦਿੱਤੇ ਗਏ ਹਨ।
ਪੀਯੂ ਦੇ ਇਸ ਫ਼ੈਸਲੇ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਜੋ ਕਿਸੇ ਕਾਰਨ ਪ੍ਰੀਖਿਆ ਨਹੀਂ ਦੇ ਸਕੇ ਸਨ। ਪੀਯੂ ਤੋਂ ਮਾਨਤਾ ਪ੍ਰਾਪਤ ਕਾਲਜਾਂ ਤੋਂ ਇਲਾਵਾ ਯੂਨੀਵਰਸਿਟੀ ਸਕੂਲ ਆਫ ਓਪਨ ਲਰਨਿੰਗ ਅਤੇ ਡਿਸਟੈਂਸ ਐਜੂਕੇਸ਼ਨ ਜ਼ਰੀਏ ਪਡ਼੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ।
ਐਤਵਾਰ ਨੂੰ ਸੈਨੇਟ ਮੀਟਿੰਗ ਵਿਚ ਕਈ ਹੋਰ ਸੈਨੇਟਰਾਂ ਨੇ ਗੋਲਡਨ ਚਾਂਸ ਦੇਣ ਦਾ ਮਤਾ ਰੱਖਿਆ। ਸਾਰੇ ਸੈਨੇਟਰਾਂ ਨੇ ਮਤੇ ’ਤੇ ਹਾਮੀ ਦੇ ਦਿਤੀ ਅਤੇ ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਤੁਰੰਤ ਮਤੇ ਨੂੰ ਮਨਜ਼ੂਰੀ ਦੇ ਦਿੱਤੀ।
ਓਧਰ ਪੀਯੂ ਸੈਨੇਟ ਨੇ ਅਗਲੇ ਸੈਸ਼ਨ ਤੋਂ ਐੱਮਫਿਲ ਕੋਰਸ ਨੂੰ ਬੰਦ ਕਰਨ ’ਤੇ ਵੀ ਰਜ਼ਾਮੰਦੀ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਨਵੀਂ ਐਜੂਕੇਸ਼ਨ ਪਾਲਿਸੀ ਤਹਿਤ ਐੱਮਫਿਲ ਕੋਰਸ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਪੀਯੂ ਦੇ ਕਈ ਵਿਭਾਗਾਂ ਵਿਚ ਹਾਲੇ ਵੀ ਐੱਮਫਿਲ ਕੋਰਸ ਚੱਲ ਰਹੇ ਹਨ ਅਤੇ ਦਾਖਲੇ ਲਈ ਅਕਤੂਬਰ 2021 ’ਚ ਐਂਟਰੈਂਸ ਟੈਸਟ ਲਿਆ ਗਿਆ ਸੀ। ਕੁਝ ਸੈਨੇਟਰ ਨੇ ਇਸ ਮੁੱਦੇ ਨੂੰ ਉਠਾਇਆ ਸੀ ਜਿਸ ’ਤੇ ਕੁਲਪਤੀ ਨੇ ਮਾਮਲੇ ਵਿਚ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ ਯੂਨੀਵਰਸਿਟੀ ਵੱਲੋਂ ਗੋਲਡਨ ਚਾਂਸ ਪ੍ਰੀਖਿਆ ਦੋ ਪਡ਼ਾਵਾਂ ਵਿਚ ਲਈ ਜਾਵੇਗੀ।